ਤਲਵੰਡੀ ਸਾਬੋ, 2 ਜਨਵਰੀ (ਪੱਤਰ ਪ੍ਰੇਰਕ)-ਨਵੇਂ ਵਰ੍ਹੇ ਦੀ ਆਮਦ 'ਤੇ ਪੰਜਾਬ ਸਰਕਾਰ ਵਲੋਂ ਕੁਝ ਪੱਤਰਕਾਰਾਂ ਸਮੇਤ ਕੁੱਲ 10 ਜਣਿਆਂ ਖਿਲਾਫ਼ ਥਾਣਾ ਸਿਟੀ ਲੁਧਿਆਣਾ ਦੇ ਸਾਈਬਰ ਸੈੱਲ ਵਿਖੇ ਪਰਚਾ ਦਰਜ ਕਰਨ ਦੀ ਤਲਵੰਡੀ ਸਾਬੋ ਨਗਰ ਦੇ ਪੱਤਰਕਾਰਾਂ ਦੀ ਨੁਮਾਇੰਦਾ ਜਥੇਬੰਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਵਲੋਂ ਜ਼ੋਰਦਾਰ ਨਿਖੇਧੀ ਕਰਦਿਆਂ ਤੁਰੰਤ ਉਕਤ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ | ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਕਲੱਬ ਪ੍ਰਧਾਨ ਮੁਨੀਸ਼ ਗਰਗ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਮਾਮਲੇ ਨੂੰ ਪ੍ਰੈੱਸ ਦੀ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਮੰਗ ਕੀਤੀ ਗਈ ਕਿ ਉਕਤ ਮਾਮਲੇ ਨੂੰ ਬਿਨ੍ਹਾਂ ਦੇਰੀ ਤੁਰੰਤ ਖਾਰਿਜ ਕੀਤਾ ਜਾਵੇ | ਪ੍ਰੈੱਸ ਕਲੱਬ ਦੇ ਸਮੂਹ ਅਹੱੁਦੇਦਾਰਾਂ/ਮੈਂਬਰਾਂ ਨੇ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਮਾਮਲੇ ਸਬੰਧੀ ਪੱਤਰਕਾਰ ਭਾਈਚਾਰੇ ਵਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਉਸ ਵਿਚ ਦਮਦਮਾ ਸਾਹਿਬ ਪ੍ਰੈੱਸ ਕਲੱਬ ਹਰ ਪੱਖੋਂ ਯੋਗਦਾਨ ਪਾਵੇਗਾ | ਮੀਟਿੰਗ 'ਚ ਪਾਸ ਮਤੇ ਤੇ ਕਲੱਬ ਦੇ ਸਰਪ੍ਰਸਤ ਰਣਜੀਤ ਸਿੰਘ ਰਾਜੂ, ਚੇਅਰਮੈਨ ਜਗਜੀਤ ਸਿੰਘ ਸਿੱਧੂ, ਮੀਤ ਪ੍ਰਧਾਨ ਲਖਵਿੰਦਰ ਸ਼ਰਮਾ, ਸਕੱਤਰ ਭਾਈ ਮਾਨ ਸਿੰਘ, ਖਜ਼ਾਨਚੀ ਰਾਮ ਜਿੰਦਲ ਜਗਾ, ਪ੍ਰੈੱਸ ਸਕੱਤਰ ਗੁਰਜੰਟ ਸਿੰਘ ਨਥੇਹਾ, ਰਵਜੋਤ ਸਿੰਘ ਰਾਹੀ, ਹਰਭਜਨ ਸਿੰਘ ਖਾਲਸਾ, ਗੁਰਸੇਵਕ ਸਿੰਘ, ਪਰਵਿੰਦਰ ਸਿੰਘ, ਅੰਮਿ੍ਤ ਮਲਕਾਣਾ, ਕਮਲਦੀਪ ਸਿੰਘ ਸਾਰੇ ਕਾਰਜਕਾਰਨੀ ਮੈਂਬਰਾਂ ਤੋਂ ਇਲਾਵਾ ਮੈਂਬਰਾਂ ਸੁਰਿੰਦਰ ਦਮਦਮੀ ਤੇ ਖੁਸ਼ਦੀਪ ਸਿੰਘ ਖੁਸ਼ੀ ਗਿੱਲ ਨੇ ਵੀ ਸਹਿਮਤੀ ਪ੍ਰਗਟਾਈ |