ਭੁੱਚੋ ਮੰਡੀ, 2 ਜਨਵਰੀ (ਪਰਵਿੰਦਰ ਸਿੰਘ ਜੌੜਾ)- ਪੰਜਾਬ ਸਰਕਾਰ ਦੀ ਸ਼ਹਿ 'ਤੇ ਲੁਧਿਆਣਾ ਸਿਟੀ ਪੁਲਿਸ ਦੇ ਸਾਈਬਰ ਸੈੱਲ ਵਲੋਂ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਵਰਤੋਕਾਰਾਂ ਸਮੇਤ 10 ਜਣਿਆਂ ਵਿਰੁੱਧ ਦਰਜ ਕੀਤੇ ਗਏ ਪਰਚੇ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੱਤਰਕਾਰਾਂ ਦੇ ਹੱਕ ਵਿਚ ਆਉਂਦਿਆਂ ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ | ਦਲ ਦੇ ਬਠਿੰਡਾ ਜ਼ਿਲੇ੍ਹ ਦੇ ਮੀਡੀਆ ਇੰਚਾਰਜ ਅਤੇ ਟਕਸਾਲੀ ਅਕਾਲੀ ਆਗੂ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਵਿਸ਼ੇਸ਼ ਵਾਰਤਾ ਦੌਰਾਨ ਕਿਹਾ ਕਿ ਹੈਲੀਕਾਪਟਰ ਮਾਮਲੇ ਵਿਚ ਸੁਆਲ ਕਰਕੇ ਪੱਤਰਕਾਰਾਂ, ਸੋਸ਼ਲ ਮੀਡੀਆ ਵਰਤੋਕਾਰਾਂ ਅਤੇ ਆਰ. ਟੀ. ਆਈ. ਕਾਰਕੁੰਨਾਂ ਨੇ ਕੋਈ ਗੁਨਾਹ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੁਆਲ ਕਰਨਾ ਪੱਤਰਕਾਰਾਂ ਦਾ ਫ਼ਰਜ਼ ਹੀ ਨਹੀਂ, ਸਗੋਂ ਜ਼ਿੰਮੇਵਾਰੀ ਵੀ ਹੈ ਅਤੇ ਪੱਤਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਅ ਕੇ ਕੋਈ ਗੁਨਾਹ ਨਹੀਂ ਕੀਤਾ, ਸਗੋਂ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਯੋਗ ਉਪਰਾਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਦਮਨ ਖ਼ਿਲਾਫ਼ ਪੱਤਰਕਾਰ ਭਾਈਚਾਰਾ ਜੋ ਵੀ ਸੰਘਰਸ਼ ਉਲੀਕੇਗਾ, ਸ਼੍ਰੋਮਣੀ ਅਕਾਲੀ ਦਲ ਉਸ ਵਿਚ ਵਧ ਚੜ੍ਹ ਕੇ ਸਮਰਥਨ ਅਤੇ ਸ਼ਮੂਲੀਅਤ ਕਰੇਗਾ |