ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮਾਲਵੇ ਦੇ ਉਕਤ ਖ਼ਿੱਤੇ 'ਚ ਗੁਰਮਤਿ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੇ ਮੰਤਵ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭੀ ਗਈ ਹਫ਼ਤਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ 'ਚ ਅੱਜ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭਾਈ ਅੰਮਿ੍ਤਪਾਲ ਸਿੰਘ ਭੀਖੀ ਪ੍ਰਚਾਰਕ ਨੇ ਕਥਾ ਵੀਚਾਰਾਂ ਰਾਹੀਂ ਜਦੋਂਕਿ ਭਾਈ ਹਰਵਿੰਦਰ ਸਿੰਘ ਬੱਗਾ ਦੇ ਢਾਡੀ ਜਥੇ ਨੇ ਵੀਰ ਰਸ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ | ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਸਿੱਖ ਸ਼ਹੀਦਾਂ ਦੇ ਮਿਸਾਲੀ ਕਾਰਨਾਮਿਆਂ ਤੋਂ ਜਾਣੂੰ ਕਰਵਾਉਂਦਿਆਂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਯੋਧਿਆਂ ਦੀਆਂ ਜੀਵਨੀਆਂ ਤੋਂ ਜਾਣੂੰ ਕਰਵਾਉਣ | ਸਮਾਗਮ ਦੌਰਾਨ ਤਖਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਤੇ ਹੋਰ ਸੰਗਤਾਂ ਮੌਜੂਦ ਸਨ |ਉੱਧਰ ਧਰਮ ਪ੍ਰਚਾਰ ਉਪ ਦਫ਼ਤਰ ਇੰਚਾਰਜ ਭਾਈ ਭੋਲਾ ਸਿੰਘ ਹੀਰੇਵਾਲਾ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਤਖਤ ਸਾਹਿਬ ਦੇ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮਿ੍ਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ 122 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ | ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਅੰਮਿ੍ਤ ਸੰਚਾਰ ਕਰਨ ਵਾਲੇ ਪ੍ਰਾਣੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਬਾਕੀ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੰਮਿ੍ਤ ਛਕ ਕੇ ਬਾਣੇ ਤੇ ਬਾਣੇ ਦੇ ਧਾਰਣੀ ਬਣਨ |