ਜਦੋਂ ਗਿਆਨੀ ਗੁਰਦਿੱਤ ਸਿੰਘ ਦਾ ਜ਼ਿਕਰ ਆਉਂਦਾ ਹੈ ਤਾਂ 'ਮੇਰਾ ਪਿੰਡ' ਵਾਲੇ ਆਪ-ਮੁਹਾਰੇ ਹੀ ਮੂੰਹੋਂ ਨਿਕਲ ਆਉਂਦਾ ਹੈ। ਉਹ ਪੋਟਿਆਂ 'ਤੇ ਗਿਣੇ ਜਾਣ ਵਾਲੇ ਪੰਜਾਬੀ ਦੇ ਉਨ੍ਹਾਂ ਸਾਹਿਤਕਾਰਾਂ 'ਚੋਂ ਇਕ ਹਨ, ਜਿਨ੍ਹਾਂ ਦੇ ਨਾਂਅ ਤੋਂ ਪਹਿਲਾਂ ਉਨ੍ਹਾਂ ਦੀ ਲਿਖਤ ਦਾ ਜ਼ਿਕਰ ਆਉਂਦਾ ਹੈ। ਪੰਜਾਬੀ ਸਾਹਿਤ ਦੇ ਪਿੜ ਵਿਚ ਉਨ੍ਹਾਂ ਦੀ 'ਮੇਰਾ ਪਿੰਡ' ਅਜਿਹੀ ਇਕਲੌਤੀ ਕਿਤਾਬ ਹੈ, ਜੋ ਸਾਢੇ 6 ਦਹਾਕਿਆਂ ਤੋਂ ਹੁਣ ਤੱਕ 23ਵਾਂ ਅਡੀਸ਼ਨ ਛਪ ਰਿਹਾ ਹੈ। 24 ਫਰਵਰੀ 1923 ਨੂੰ ਪਿਤਾ ਸ. ਹੀਰਾ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਜ਼ਿਲ੍ਹਾ ਮਾਲੇਰਕੋਟਲਾ) ਵਿਖੇ ਜਨਮ ਲੈਣ ਵਾਲੇ ਬਾਲ ਗੁਰਦਿੱਤ ਸਿੰਘ ਨੇ ਪੜ੍ਹਾਈ ਦੇ ਸਾਰੇ ਸਾਧਨਾਂ ਤੋਂ ਦੂਰ ਪਿੰਡ ਦੇ ਗੁਰਦੁਆਰੇ ਦੀ ਪੁਰਾਣੀ ਰੀਤ ਅਨੁਸਾਰ ਆਰੰਭਕ ਪੋਥੀਆਂ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ। ਘਰੇਲੂ ਧੰਦਿਆਂ ਦੇ ਨਾਲ ਸਾਧਾਂ, ਸੰਤਾਂ ਤੇ ਗੁਣਵਾਨਾਂ ਤੋਂ ਨੀਤੀ, ਭਾਖਾ ਪਿੰਗਲ ਤੇ ਕਾਵਯ ਦੇ ਗ੍ਰੰਥ ਪੜ੍ਹੇ। ਉਨ੍ਹਾਂ ਅੰਦਰ ਇਕ ਸਾਹਿਤਕਾਰ, ਗੁਰਬਾਣੀ ਵੇਤਾ, ਵਿਆਖਿਆਕਾਰ ਤੇ ਖ਼ੋਜੀ, ਸਿਆਸਤਦਾਨ ਤੇ ਪੱਤਰਕਾਰ ਦੇ ਗੁਣ ਸਮਰੂਪ ਵਿਚ ਸਮੋਏ ਹੋਏ ਸਨ। ਗਿਆਨੀ ਗੁਰਦਿੱਤ ਸਿੰਘ ਨੇ 1956 ਵਿਚ ਇਕ ਲੇਖ ਲਿਖਿਆ 'ਮੇਰਾ ਪਿੰਡ' ਜਿਸ ਦੀ ਚਰਚਾ ਤੇ ਪ੍ਰਸੰਸਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਕੁਝ ਹੋਰ ਲੇਖ ਲਿਖੇ। 1961 'ਚ 'ਮੇਰਾ ਪਿੰਡ' ਦਾ ਪਹਿਲਾ ਐਡੀਸ਼ਨ ਛਪਿਆ ਤਾਂ ਇਹ ਪੁਸਤਕ ਪੰਜਵੀਂ ਜਮਾਤ ਤੋਂ ਲੈ ਕੇ ਐਮ.ਏ. ਤੱਕ ਦੀਆਂ ਕਲਾਸਾਂ ਨੂੰ ਪੜ੍ਹਾਈ ਜਾਣ ਲੱਗੀ। ਅੱਜ ਵੀ ਇਹ ਕਿਤਾਬ ਪੰਜਾਬ ਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਤੇ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ। ਗਿਆਨੀ ਗੁਰਦਿੱਤ ਸਿੰਘ ਦੀ ਮਿੱਠੀ ਬੋਲੀ, ਮਿੱਠੀ ਮੁਸਕਰਾਹਟ ਤੇ ਮੱਠੀ ਟਕੋਰ ਨੇ ਪੰਜਾਬੀ ਪਾਠਕਾਂ ਦਾ ਮਨ ਮੋਹ ਲਿਆ। ਸ਼ਾਇਦ ਇਹ ਸਾਰੀਆਂ ਬਰਕਤਾਂ ਉਨ੍ਹਾਂ ਦੇ ਪਿੰਡ ਮਿੱਠੇਵਾਲ ਦੀਆਂ ਹਨ।
ਉਨ੍ਹਾਂ ਨੇ 1944-45 'ਚ ਲਾਹੌਰ ਤੋਂ ਗਿਆਨੀ ਪਾਸ ਕੀਤੀ। ਖੋਜ ਦੀ ਲਗਨ ਵਿਚ ਘਰ-ਬਾਰ ਛੱਡ ਕੇ 1943 ਤੋਂ 1947 ਤੱਕ ਅਣਵੰਡੇ ਦੇਸ਼ ਦੀ ਪੰਜਾ ਸਾਹਿਬ ਤੋਂ ਪਟਨਾ, ਬਨਾਰਸ ਤੱਕ ਦੀ ਯਾਤਰਾ ਕੀਤੀ। ਧਰਮ ਸਥਾਨਾਂ ਦੇ ਤੋਸ਼ੇਖ਼ਾਨਿਆਂ ਤੋਂ ਲੈ ਕੇ ਲਾਹੌਰ, ਅੰਮ੍ਰਿਤਸਰ, ਪਟਿਆਲਾ ਦੀਆਂ ਲਾਇਬ੍ਰੇਰੀਆਂ ਤੇ ਕਾਸ਼ੀ ਦੀ ਨਾਗਰੀ ਪ੍ਰਚਾਰਨੀ ਸਭਾ ਦੀ ਲਾਇਬ੍ਰੇਰੀ ਘੋਖੀ। ਉੱਘੀਆਂ ਇਤਿਹਾਸਕ ਰਿਆਸਤੀ ਹਸਤੀਆਂ ਤੇ ਨਾਭੇ, ਪਟਿਆਲੇ ਦੇ ਸਿੱਖ ਘਰਾਣਿਆਂ ਵਿਚ ਹੱਥ ਲਿਖਤਾਂ, ਬੀੜਾਂ ਤੇ ਪੁਸਤਕਾਂ ਦੀ ਖੋਜ ਕੀਤੀ। ਮਾਸਿਕ ਪੱਤਰ 'ਜੀਵਨ ਸੰਦੇਸ਼' ਪਟਿਆਲਿਓਂ ਕੱਢਿਆ, ਜਿਸ ਦੇ ਪੰਜਾਬੀ ਅੰਕ, ਸਿੱਖ ਇਤਿਹਾਸ ਅੰਕ ਵਿਸ਼ੇਸ਼ ਮੰਨੇ ਗਏ। ਪੰਜਾਬੀ ਬੋਲੀ, ਗੁਰਮੁਖੀ ਲਿੱਪੀ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਿਬੰਧ ਲਿਖੇ। ਉਹ ਧਰਮ ਅਰਥ ਬੋਰਡ ਦੇ ਜਨਰਲ ਸਕੱਤਰ 1943-44 ਤੱਕ ਰਹੇ। 1950 'ਚ ਪੁਰਾਤਨ ਪੁਸਤਕ 'ਅਮਰਨਾਮਾ' ਪ੍ਰਕਾਸ਼ਿਤ ਕੀਤੀ।
1947 ਦੇ ਆਰੰਭ 'ਚ ਪਟਿਆਲਾ ਵਿਖੇ ਨਿਵਾਸ ਕੀਤਾ। 1948 'ਚ 'ਪ੍ਰਕਾਸ਼' ਅਖ਼ਬਾਰ ਪਹਿਲਾਂ ਹਫ਼ਤਾਵਾਰੀ ਤੇ ਫਿਰ ਰੋਜ਼ਾਨਾ ਕੱਢਿਆ। ਪੈਪਸੂ ਦੇ ਪੰਜਾਬ ਵਿਚ ਰਲੇਵੇਂ ਤੇ ਸੰਪਾਦਕ ਦੇ ਲੈਜਿਸਲੇਟਿਵ ਕੌਂਸਲ (ਪੰਜਾਬ ਵਿਧਾਨ ਪ੍ਰੀਸ਼ਦ) ਦੇ 1956 ਤੋਂ 1964 ਤੱਕ ਮੈਂਬਰ ਬਣਨ ਕਰਕੇ ਚੰਡੀਗੜ੍ਹ ਤੋਂ ਛਪਦਾ ਰਿਹਾ। ਫਿਰ 1970 ਵਿਚ ਪਟਿਆਲੇ ਤੋਂ ਹਫ਼ਤਾਵਾਰੀ ਰੂਪ 'ਚ 1976 ਤੱਕ ਜਾਰੀ ਰਿਹਾ। 1973 'ਚ ਉਨ੍ਹਾਂ ਨੂੰ ਸਿੰਘ ਸਭਾ ਲਹਿਰ ਦੀ ਯਾਦ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੰਘ ਸਭਾ ਸ਼ਤਾਬਦੀ ਕਮੇਟੀ ਦਾ ਕੰਮ ਸੌਂਪਿਆ ਗਿਆ। 1973 'ਚ ਜਨਰਲ ਸਕੱਤਰ ਤੇ 1983 ਤੋਂ 1992 ਤੱਕ ਕੇਂਦਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਰੂਪ 'ਚ ਸੇਵਾ ਕੀਤੀ। ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਲਦ, ਜੀਵਨ ਭਰ ਦੀ ਖੋਜ ਦਾ ਹਿੱਸਾ, ਭਗਤ ਬਾਣੀ ਦਾ ਇਤਿਹਾਸ ਛਾਪਿਆ, ਜਿਸ ਦਾ ਦੇਸ਼-ਵਿਦੇਸ਼ 'ਚ ਸਵਾਗਤ ਹੋਇਆ। ਇੰਗਲੈਂਡ, ਅਮਰੀਕਾ ਤੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਬਹੁ-ਚਰਚਿਤ ਪੁਸਤਕ 'ਮੁੰਦਾਵਣੀ' 2003 ਵਿਚ ਛਪੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਰਾਗਮਾਲਾ' ਦੇ ਵਿਸ਼ੇ ਨਾਲ ਸਬੰਧਿਤ ਹੈ।
ਉਨ੍ਹਾਂ ਦੀ ਸਾਹਿਤ ਘਾਲਣਾ ਵਿਚ ਭੱਟ ਤੇ ਉਨ੍ਹਾਂ ਦੀ ਰਚਨਾ, ਪੰਜਾਬ ਦੀਆਂ ਲੋਕ ਕਹਾਣੀਆਂ ਅਤੇ ਭਾਈ ਰੂਪ ਚੰਦ ਤੇ ਉਨ੍ਹਾਂ ਦਾ ਵੰਸ਼ ਆਦਿ ਪੁਸਤਕਾਂ ਸ਼ਾਮਿਲ ਹਨ। ਉਨ੍ਹਾਂ ਨੇ 1950 'ਚ 'ਅਮਰਨਾਮਾ' ਦੀ ਖੋਜ ਕੀਤੀ, ਜੋ ਨਾਂਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਦਿਨਾਂ ਬਾਰੇ ਦੁਰਲੱਭ ਫ਼ਾਰਸੀ ਰਚਨਾ ਹੈ। ਖ਼ਾਲਸਾ ਸਿਰਜਣਾ ਦੀ ਤੀਜੀ ਸ਼ਤਾਬਦੀ ਮੌਕੇ ਗਿਆਨੀ ਜੀ ਦੇ ਸੁਝਾਅ 'ਤੇ ਸ਼੍ਰੋਮਣੀ ਕਮੇਟੀ ਨੇ ਤਕਰੀਬਨ 100 ਪੁਰਾਣੀਆਂ ਤੇ ਅਣ-ਉਪਲਬਧ ਪੁਸਤਕਾਂ ਦੁਬਾਰਾ ਪ੍ਰਕਾਸ਼ਿਤ ਕੀਤੀਆਂ। ਇਹ ਸਾਰੀਆਂ ਪੁਸਤਕਾਂ ਗਿਆਨੀ ਜੀ ਨੇ ਆਪਣੀ ਨਿੱਜੀ ਲਾਇਬ੍ਰੇਰੀ 'ਚੋਂ ਸ਼੍ਰੋਮਣੀ ਕਮੇਟੀ ਨੂੰ ਉਪਲਬਧ ਕਰਵਾਈਆਂ। ਉਨ੍ਹਾਂ ਰਿਆਸਤ ਪਟਿਆਲਾ ਵਿਚ ਪੰਜਾਬੀ ਮਹਿਕਮਾ ਸਥਾਪਤ ਕਰਨ 'ਚ ਵੀ ਯੋਗਦਾਨ ਪਾਇਆ, ਜੋ ਬਾਅਦ ਵਿਚ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਬਣਿਆ। ਇਕ ਥਾਂ ਸਵ. ਲੇਖਕ ਭੂਸ਼ਨ ਨੇ ਲਿਖਿਐ ਉਂਜ 'ਮੇਰਾ ਪਿੰਡ' ਤੋਂ ਇਲਾਵਾ ਗਿਆਨੀ ਗੁਰਦਿੱਤ ਸਿੰਘ ਨੂੰ ਦੋ ਹੋਰ ਕਾਰਨਾਮਿਆਂ ਕਰਕੇ ਵੀ ਯਾਦ ਰੱਖਿਆ ਜਾਵੇਗਾ। ਇਕ ਤਾਂ ਇਹ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਇਮੀ ਲਈ ਸਭ ਤੋਂ ਪਹਿਲਾ ਮਤਾ ਪੇਸ਼ ਕਰਨ ਵਾਲੀ ਸ਼ਖ਼ਸੀਅਤ ਇਹੋ ਸੀ ਅਤੇ ਦੂਜਾ ਸਾਡਾ ਪੰਜਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਂਦ 'ਚ ਆਉਣ ਦਾ ਆਧਾਰ ਵੀ ਗਿਆਨੀ ਗੁਰਦਿੱਤ ਸਿੰਘ ਦੀ ਖੋਜ ਹੀ ਮੰਨੀ ਜਾਂਦੀ ਹੈ।
ਇਸ ਲੰਬੇ ਪੈਂਡੇ ਵਿਚ ਇਨ੍ਹਾਂ ਦੇ ਵਿਦਵਾਨ ਤੇ ਸੁਯੋਗ ਜੀਵਨ ਸਾਥਣ ਬੀਬੀ ਇੰਦਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪਰਮਾਤਮਾ ਨੇ ਉਨ੍ਹਾਂ ਨੂੰ ਦੋ ਪੁੱਤਰਾਂ ਦੀ ਦਾਤ ਬਖਸ਼ੀ ਰੁਪਿੰਦਰ ਸਿੰਘ ਨੇ ਪੱਤਰਕਾਰੀ 'ਚ ਲੰਮਾ ਸਮਾਂ ਕੰਮ ਕੀਤਾ ਤੇ ਰਵਿੰਦਰ ਸਿੰਘ ਕਾਰੋਬਾਰੀ ਹਨ। ਭਾਵੇਂ ਗਿਆਨੀ ਗੁਰਦਿੱਤ ਸਿੰਘ 17 ਜਨਵਰੀ 2007 ਨੂੰ ਸਰੀਰਕ ਤੌਰ 'ਤੇ ਵਿਛੜ ਗਏ ਪਰ ਆਪਣੀਆਂ ਲਿਖਤਾਂ ਰਾਹੀਂ ਸਾਡੇ ਵਿਚ ਉਹ ਅੱਜ ਵੀ ਜਿਉਂਦੇ ਹਨ।
-ਪ੍ਰਤੀਨਿਧ, ਰੋਜ਼ਾਨਾ ਅਜੀਤ, ਸ਼ੇਰਪੁਰ (ਸੰਗਰੂਰ)।
ਮੋਬਾਈਲ : 98779-93000