06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਵਿਰਸਾ-ਲਿਖਣਸਰ ਸਰੋਵਰ ਅਤੇ ਦਮਦਮੀ ਟਕਸਾਲ

ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਵਿਰਸਾ-ਲਿਖਣਸਰ ਸਰੋਵਰ ਅਤੇ ਦਮਦਮੀ ਟਕਸਾਲ

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਜਦੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਵਾਰ ਕੇ, ਅਨੰਦਪੁਰ ਸਾਹਿਬ ਛੱਡ ਕੇ, ਚਮਕੌਰ ਦੀ ਜੰਗ ਜਿੱਤ ਕੇ, ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢ ਕੇ ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਰੇ ਦੁਸ਼ਮਣ ਹਾਰ ਮੰਨ ਕੇ ਭੱਜ ਚੁੱਕੇ ਹਨ ਤੇ ਹੁਣ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਉਣ ਦੀ ਕਿਰਪਾ ਕਰੋ | ਗੁਰੂ ਜੀ ਨੇ ਕਿਹਾ ਕਿ ਤੁਸੀਂ ਧੀਰ ਮੱਲ ਕੋਲ ਕਰਤਾਰਪੁਰ ਦੁਆਬੇ 'ਚ ਜਾਓ ਤੇ ਪੰਜਵੇਂ ਪਾਤਸ਼ਾਹ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਹੈ, ਉਸ 'ਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਲਈ ਜਗ੍ਹਾ ਖਾਲੀ ਛੱਡੀ ਹੈ, ਉਹ ਸਰੂਪ ਲੈ ਆਓ | ਨਾਲੇ ਗੁਰਬਾਣੀ ਚੜ੍ਹਾ ਦਈਏ ਤੇ ਨਾਲੇ ਤੁਹਾਨੂੰ ਅਰਥ ਪੜ੍ਹਾ ਦਈਏ | 25 ਸਿੰਘ ਧੀਰ ਮੱਲ ਕੋਲ ਗਏ ਤਾਂ ਧੀਰ ਮੱਲ ਨੇ ਮਨਾਂ ਕਰਦਿਆਂ ਜਵਾਬ ਦਿੱਤਾ ਕਿ ਇਹ ਬੀੜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿਚ ਤਿਆਰ ਕੀਤੀ ਹੈ, ਆਪ ਵੀ ਗੁਰੂ ਜੀ ਉਨ੍ਹਾਂ ਦਾ ਸਰੂਪ ਹੀ ਹਨ, ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ? ਮੇਰੇ ਕੋਲੋਂ ਵੱਡਿਆਂ ਦੀ ਬਖਸ਼ਿਸ਼ ਕਿਉਂ ਖੋਂਹਦੇ ਹਨ? ਸਿੰਘਾਂ ਨੇ ਵਾਪਸ ਪਰਤ ਕੇ ਇਵੇਂ ਹੀ ਗੁਰੂ ਜੀ ਨੂੰ  ਦੱਸ ਦਿੱਤਾ | ਫਿਰ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ  ਲਿਖਾਰੀ ਲਾ ਕੇ ਆਪਣੀ ਪਵਿੱਤਰ ਰਸਨਾਂ ਤੋਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠੋਂ ਉਚਾਰਨ ਲੱਗੇ ਅਤੇ ਅਜਿਹੀ ਅਗੰਮੀ ਕਲਮ ਚੱਲੀ ਕਿ ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਤੇ ਕੀਰਤਨ ਸੋਹਿਲੇ ਤੱਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਤੇ ਸ਼ਾਮ ਨੂੰ  ਸਾਰੀ ਦੇ ਅਰਥ ਸੁਣਾਏ ਗਏ | ਇਸ ਤਰ੍ਹਾਂ ਗੁਰਬਾਣੀ ਦੀ ਲਿਖਾਈ ਅਤੇ ਅਰਥਾਂ ਦੀ ਪੜ੍ਹਾਈ ਸ਼ੁਰੂ ਕੀਤੀ | ਗੁਰੂ ਜੀ ਅੰਮਿ੍ਤ ਵੇਲੇ ਜਿੰਨੀ ਗੁਰਬਾਣੀ ਲਿਖਾਇਆ ਕਰਦੇ, ਪਿਛਲੇ ਪਹਿਰ ਓਨੀ ਦੇ ਹੀ 48 ਸਿੰਘਾਂ ਨੂੰ  ਅਰਥ ਪੜ੍ਹਾਇਆ ਕਰਦੇ | ਇਸ ਪ੍ਰਕਾਰ 9 ਮਹੀਨੇ 9 ਦਿਨਾਂ ਵਿਚ ਸੰਮਤ 1763 ਬਿਕਰਮੀ 23 ਸਾਵਣ ਤੱਕ ਅਰਥ ਪੜ੍ਹਾਏ ਤੇ ਸਾਰੀ ਬਾਣੀ ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ੴ ਤੋਂ ਅਠਾਰਹ ਦਸ ਬੀਸ ਤੱਕ ਸੰਪੂਰਨ ਕੀਤੀ | ਇਕ ਲਗ, ਮਾਤ੍ਰ ਦਾ ਵੀ ਫ਼ਰਕ ਨਹੀਂ ਪਾਇਆ | 
ਪੰਜਵੇਂ ਪਾਤਸ਼ਾਹ ਦੇ ਰਚੇ ਕਰਤਾਰਪੁਰ ਸਾਹਿਬ ਵਾਲੇ ਸਰੂਪ 'ਚ ਰਹਰਾਸਿ ਸਾਹਿਬ ਦੇ ਕੇਵਲ ਪਹਿਲੇ ਪੰਜ ਸ਼ਬਦ ਹੀ ਹਨ, ਨੌਵੇਂ ਪਾਤਸ਼ਾਹ ਦੀ ਬਾਣੀ ਵੀ ਨਹੀਂ ਹੈ | ਦਸਮੇਸ਼ ਪਿਤਾ ਨੇ ਜੋ ਸਰੂਪ ਸੰਪੂਰਨ ਕੀਤਾ, ਉਸ ਵਿਚ ਰਹਰਾਸਿ ਸਾਹਿਬ ਦੇ ਨੌ ਸ਼ਬਦ ਲਿਖਾਏ ਗਏ, ਜਿਨ੍ਹਾਂ ਦਾ ਪਾਠ ਹਰ ਰੋਜ਼ ਸੰਗਤਾਂ ਕਰਦੀਆਂ ਹਨ | ਭੋਗ ਦੋਹਾਂ ਸਰੂਪਾਂ ਦਾ ਅਠਾਰਹ ਦਸ ਬੀਸ 'ਤੇ ਹੀ ਹੈ | ਪਹਿਲੇ ਸਰੂਪ ਦੇ ਲਿਖਾਰੀ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਸਨ | ੴ ਤੋਂ ਅਠਾਰਹ ਦਸ ਬੀਸ ਤੱਕ ਇਕੋ ਲਿਖਾਰੀ, ਇਕੋ ਲਿਖਣ-ਸ਼ੈਲੀ ਅੱਖਰਾਂ ਦੀ ਬਣਤਰ, ਸਿਹਾਈ ਤੇ ਕਾਗਜ਼ ਇਕੋ ਤਰ੍ਹਾਂ ਦਾ ਹੀ ਹੈ | ਗੁਰੂ ਜੀ ਨੇ ਇਹ ਸਾਬੋ ਕੀ ਤਲਵੰਡੀ ਦਾ ਨਾਂਅ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਰੱਖ ਕੇ ਵਰ ਦਿੱਤਾ ਕਿ ਜੋ ਇੱਥੇ ਬੈਲ-ਬੁੱਧੀ ਵਾਲਾ ਵੀ ਪੜ੍ਹੇਗਾ, ਉਸ ਨੂੰ  ਛੇਤੀ ਵਿੱਦਿਆ ਪ੍ਰਾਪਤ ਹੋਇਆ ਕਰੇਗੀ | ਗੁਰਬਾਣੀ ਦੇ ਸੰਪੂਰਨ ਹੋਣ ਤੋਂ ਜੋ ਸਿਆਹੀ ਤੇ ਕਲਮਾਂ ਬਚੀਆਂ, ਗੁਰੂ ਜੀ ਨੇ ਜਿਸ ਸਰੋਵਰ ਵਿਚ ਸੁੱਟੀਆਂ ਉਸ ਦਾ ਨਾਂਅ ਸ੍ਰੀ ਲਿਖਣਸਰ ਸਰੋਵਰ ਰੱਖਿਆ ਗਿਆ | ਰਤਨ ਸਿੰਘ ਭੰਗੂ ਨੇ 'ਪ੍ਰਾਚੀਨ ਪੰਥ ਪ੍ਰਕਾਸ਼' ਦੇ 26ਵੇਂ ਪ੍ਰਸੰਗ ਦੱਖਣ ਕੇ ਤੁਰਨੇ ਕੀ ਸਾਖੀ ਵਿਚ ਲਿਖਿਆ ਹੈ:-
ਨੌ ਮਹੀਨੈ ਤੇ ਨੌ ਦਿਨੈ,
ਤਲਵੰਡੀ ਰਖੈ ਮੁਕਾਮ |
ਡੇਰਾ ਤੋਰਾ ਰੁਖ ਦਖਣ,
ਛਡ ਤੁਰਕਨ ਬਡ ਥਾਨ |
ਹੁਣ ਇੱਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਉਹ ਸੰਕਲਪ ਵੀ ਪੂਰਾ ਕੀਤਾ, ਜੋ ਧੀਰ ਮੱਲ ਨੇ ਤਾਨ੍ਹਾ ਦੇ ਭੇਜਿਆ ਸੀ | ਹੁਣ ਦਮਦਮਾ ਸਾਹਿਬ ਜੰਗਾਂ-ਯੁੱਧਾਂ ਤੋਂ ਫੁਰਸਤ ਪਾ ਕੇ ਗੁਰੂ ਜੀ ਨੇ ਇਹ ਰੀਤ ਥਾਪੀ ਕਿ ਇਕ ਪਹਿਰ ਨਿਤਾਪ੍ਰਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੰਬੂ ਵਿਚ ਬੈਠ ਕੇ ਉਚਾਰਦੇ ਰਹਿੰਦੇ ਤੇ ਭਾਈ ਮਨੀ ਸਿੰਘ ਲਿਖਦੇ ਰਹਿੰਦੇ | ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਦਇਆ ਸਿੰਘ, ਭਾਈ ਮਲਿਆਗਰ ਸਿੰਘ, ਭਾਈ ਧੰਨਾ ਸਿੰਘ ਆਦਿ 48 ਸਿੰਘਾਂ ਨੇ ਅਰਥ ਪੜ੍ਹੇ | ਭਾਈ ਮਨੀ ਸਿੰਘ ਨੂੰ  ਕੁਝ ਸਿੰਘਾਂ ਸਮੇਤ ਕਲਗੀਧਰ ਪਿਤਾ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਗੁਰਿਆਈ ਵਾਲੀ ਪਾਵਨ ਬੀੜ ਦੇ ਕੇ ਹੈੱਡ ਗ੍ਰੰਥੀ ਥਾਪ ਕੇ ਸ੍ਰੀ ਅੰਮਿ੍ਤਸਰ ਭੇਜਿਆ |
48 ਸਿੰਘਾਂ ਨੇ ਸ੍ਰੀ ਦਸਮੇਸ਼ ਪਿਤਾ ਤੋਂ ਅਰਥ ਸੁਣ ਕੇ ਬ੍ਰਹਮ ਗਿਆਨ ਪਾ ਲਿਆ ਤੇ ਜੀਵਨ-ਮੁਕਤ ਤੇ ਬਿਦੇਹ ਮੁਕਤ ਹੋ ਗਏ | ਕਿਸੇ ਨੂੰ  ਸਰੀਰ ਦਾ ਚੇਤਾ ਨਾ ਰਿਹਾ | ਇਹ ਵੇਖ ਕੇ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ  ਕਿਹਾ ਕਿ ਭਾਈ ਸਾਹਿਬ ਤੁਸੀਂ ਦੂਜੇ ਸਿੰਘਾਂ ਵਾਂਗ ਬਿਦੇਹ-ਮੁਕਤ ਹੋ ਕੇ ਸਭ ਕੁਝ ਛੱਡਣਾ ਨਹੀਂ, ਸਗੋਂ ਸੇਵਾ ਕਰਨੀ ਹੈ, ਭਾਵੇਂ ਤੁਹਾਡੇ ਸਰੀਰ ਦਾ ਬੰਦ-ਬੰਦ ਕਿਉਂ ਨਾ ਕੱਟਿਆ ਜਾਵੇ, ਤੁਹਾਡੇ ਗਿਆਨ ਵਿਚ ਕੋਈ ਫ਼ਰਕ ਨਹੀਂ ਪਵੇਗਾ ਅਤੇ ਬਾਬਾ ਦੀਪ ਸਿੰਘ ਜੀ ਨੂੰ  ਆਗਿਆ ਕੀਤੀ ਕਿ ਤੁਸੀਂ ਵੀ ਸੇਵਾ ਕਰਨੀ ਹੈ, ਤੁਹਾਡੇ ਗਿਆਨ ਵਿਚ ਵੀ ਕੋਈ ਕਚਿਆਈ ਨਹੀਂ ਆਵੇਗੀ, ਭਾਵੇਂ ਤੁਹਾਡੇ ਸਰੀਰ ਨਾਲੋਂ ਸੀਸ ਵੀ ਕਿਉਂ ਨਾ ਅੱਡ ਹੋ ਜਾਵੇ, ਤੁਸੀਂ ਉਸੇ ਤਰ੍ਹਾਂ ਹੀ ਗਿਆਨ ਵਿਚ ਸਥਿਤ ਰਹੋਗੇ |
ਫਿਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ  ਗੁਰਗੱਦੀ ਬਖ਼ਸ਼ ਕੇ ਭਾਈ ਮਨੀ ਸਿੰਘ ਨੂੰ  ਸ੍ਰੀ ਅੰਮਿ੍ਤਸਰ ਸਾਹਿਬ ਭੇਜਿਆ | ਇੱਥੇ ਆ ਕੇ ਭਾਈ ਸਾਹਿਬ ਨੇ ਅਰਥਾਂ ਦੀ ਟਕਸਾਲ ਚਲਾਈ ਅਤੇ ਬਾਬਾ ਦੀਪ ਸਿੰਘ ਨੇ ਵੀ ਹੁਕਮ ਮੰਨ ਕੇ ਦਮਦਮੇ ਸਾਹਿਬ ਆ ਕੇ ਟਕਸਾਲ ਚਲਾਈ | ਇਹ ਦੋਵੇਂ ਟਕਸਾਲਾਂ ਹੁਣ ਤੱਕ ਸੀਨੇ-ਬਸੀਨੇ ਬ੍ਰਹਮ ਗਿਆਨੀਆਂ ਦੁਆਰਾ ਚਲੀਆਂ ਆ ਰਹੀਆਂ ਹਨ | ਦਮਦਮੀ ਟਕਸਾਲ ਸੰਪਰਦਾਇਕ ਪ੍ਰਣਾਲੀ ਵਿਚ ਇਸ ਟਕਸਾਲ ਦਾ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ  ਆਖਿਆ ਗਿਆ ਹੈ | ਉਨ੍ਹਾਂ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਭਾਈ ਮਨੀ ਸਿੰਘ ਦੀ ਜ਼ਿੰਮੇਵਾਰੀ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਅਰਥ ਸਮਝਾਉਣ ਲਈ ਲਗਾਈ ਗਈ ਤੇ ਦਮਦਮਾ ਸਾਹਿਬ ਵਿਚ ਬਾਬਾ ਦੀਪ ਸਿੰਘ ਨੂੰ  ਟਕਸਾਲ ਦਾ ਮੁਖੀ ਐਲਾਨਿਆ ਗਿਆ | ਬਾਬਾ ਦੀਪ ਸਿੰਘ ਦੀ ਸ਼ਹੀਦ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ, ਸ਼ਹੀਦ ਭਾਈ ਸੂਰਤ ਸਿੰਘ, ਭਾਈ ਗੁਰਦਾਸ ਸਿੰਘ, ਭਾਈ ਸੰਤ ਸਿੰਘ, ਸੰਤ ਦਇਆ ਸਿੰਘ, ਸੰਤ ਗਿਆਨੀ ਭਗਵਾਨ ਸਿੰਘ, ਸੰਤ ਹਰਨਾਮ ਸਿੰਘ ਬੇਦੀ, ਸੰਤ ਬਾਬਾ ਬਿਸ਼ਨ ਸਿੰਘ ਮੁਰਾਲੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਬਾਬਾ ਠਾਕੁਰ ਸਿੰਘ ਖ਼ਾਲਸਾ ਅਤੇ ਹੁਣ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਗੱਦੀ 'ਤੇ ਬਿਰਾਜਮਾਨ ਹਨ |
ਅਜੋਕੇ ਸਮੇਂ ਵਿਚ ਸਿੱਖ ਧਰਮ ਦੇ ਵਿਕਾਸ ਲਈ ਲੋਕਾਂ ਨੂੰ  ਗੁਰਬਾਣੀ ਦੇ ਲੜ ਲਾਉਣ ਲਈ ਅਜਿਹੀਆਂ ਟਕਸਾਲਾਂ ਦੀ ਬਹੁਤ ਲੋੜ ਹੈ | ਜ਼ਿਆਦਾਤਰ ਸਿੰਘ ਗੁਰਬਾਣੀ ਦਾ ਉਚਾਰਨ ਕਰਨ ਦੇ ਵੇਲੇ ਕੁਤਾਹੀ ਵਰਤਦੇ ਹਨ ਤੇ ਨਾ ਹੀ ਉਨ੍ਹਾਂ ਨੂੰ  ਗੁਰਬਾਣੀ ਦੀ ਉਸ ਤੁੱਕ ਦਾ ਕੋਈ ਅਰਥ ਪਤਾ ਹੁੰਦਾ ਹੈ ਤੇ ਨਾ ਹੀ ਉਸ ਦੀ ਮਹੱਤਤਾ | ਅਜੋਕੇ ਸਮੇਂ ਦੇ ਵਿਚ ਦਮਦਮੀ ਟਕਸਾਲ ਦਾ ਪੰਜਾਬ ਸੂਬੇ ਵਿਚ ਮੁੱਖ ਕੇਂਦਰ ਮਹਿਤਾ ਅੰਮਿ੍ਤਸਰ ਸਾਹਿਬ ਅਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਚ ਹੈ | ਦਮਦਮੀ ਟਕਸਾਲ ਸਿੱਖ ਪੰਥ ਦੀ ਇਕ ਪ੍ਰਸਿੱਧ ਧਾਰਮਿਕ ਤੇ ਵਿੱਦਿਅਕ ਸੰਸਥਾ ਹੈ | ਮਹਿਤਾ ਪਿੰਡ ਵਿਚ ਸਥਿਤ ਟਕਸਾਲ ਦਾ ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਹ ਸਥਾਨ ਸਿੱਖ ਧਰਮ ਦੀ ਸਿੱਖਿਆ, ਗੁਰਬਾਣੀ ਦੇ ਸ਼ੁੱਧ ਉਚਾਰਨ, ਕਥਾ ਕੀਰਤਨ ਅਤੇ ਅੰਮਿ੍ਤ ਪ੍ਰਚਾਰ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ | ਮਹਿਤਾ ਵਾਲੀ ਦਮਦਮੀ ਟਕਸਾਲ ਨੇ ਪੰਜਾਬ ਅਤੇ ਸਿੱਖ ਪੰਥ ਵਿਚ ਧਾਰਮਿਕ ਜਾਗਰੂਕਤਾ ਫੈਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਅੱਜ ਵੀ ਇੱਥੇ ਵੱਡੇ ਧਾਰਮਿਕ ਸਮਾਗਮ, ਨਗਰ ਕੀਰਤਨ ਅਤੇ ਗੁਰਮਤਿ ਪ੍ਰਚਾਰ ਦੇ ਕਾਰਜ ਹੁੰਦੇ ਰਹਿੰਦੇ ਹਨ |

-ਸਹਾਇਕ ਪ੍ਰੋਫੈਸਰ, ਪੀ.ਜੀ. ਵਿਭਾਗ ਹਿਸਟਰੀ
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ,
ਸ੍ਰੀ ਅਨੰਦਪੁਰ ਸਾਹਿਬ  (ਰੂਪਨਗਰ) |
ਮੋਬਾਈਲ : 94645-21622

Ad Position 22
No active advertisement
ਪਿਛਲੀ ਖ਼ਬਰ ਆਓ, ਗੁਰਦੁਆਰਿਆਂ ਦੀ ਮਹਾਨਤਾ ਕਾਇਮ ਰੱਖੀਏ ਅਗਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਦੀ ਜੱਦੀ ਜਾਇਦਾਦ ਪਿੰਡ ਗਾਜ਼ੀਪੁਰ ਵਿਚ
Ad Position 24