13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਹਾਰਾਜਾ ਰਿਪੁਦਮਨ ਸਿੰਘ ਦੀ ਪੰਥ-ਪ੍ਰਸਤੀ ਤੇ ਜੈਤੋ ਦੇ ਮੋਰਚੇ ਦੀ ਗਾਥਾ

ਮਹਾਰਾਜਾ ਰਿਪੁਦਮਨ ਸਿੰਘ ਦੀ ਪੰਥ-ਪ੍ਰਸਤੀ ਤੇ ਜੈਤੋ ਦੇ ਮੋਰਚੇ ਦੀ ਗਾਥਾ

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

 

    9 ਸਤੰਬਰ ਦਾ ਦਿਨ ਸਿੱਖ ਇਤਿਹਾਸ ਵਿਚ ਇਕ ਵਿਸ਼ੇਸ਼ ਅਤੇ ਭਾਵਨਾਤਮਿਕ ਮਹੱਤਵ ਰੱਖਦਾ ਹੈ | ਇਹ ਦਿਹਾੜਾ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਡੂੰਘਾ ਸੰਬੰਧ ਰੱਖਦਾ ਹੈ ਅਤੇ ਇਸੇ ਕਰਕੇ 9 ਸਤੰਬਰ ਨੂੰ  'ਨਾਭਾ ਦਿਵਸ' ਵਜੋਂ ਵੀ ਯਾਦ ਕੀਤਾ ਜਾਂਦਾ ਰਿਹਾ ਹੈ | ਇਸ ਦਿਹਾੜੇ ਦੀ ਪਿਛੋਕੜ ਨੂੰ  ਸਮਝਣ ਲਈ ਸਾਨੂੰ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਦੇ ਦੌਰ ਵੱਲ ਮੁੜਨਾ ਪਵੇਗਾ | ਸਾਕਾ ਨਨਕਾਣਾ ਸਾਹਿਬ ਤੋਂ ਬਾਅਦ 5 ਅਪ੍ਰੈਲ 1921 ਨੂੰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਸ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ | ਸਮੁੱਚੇ ਸਿੱਖ ਜਗਤ ਨੂੰ  ਕਾਲੀਆਂ ਦਸਤਾਰਾਂ ਸਜਾ ਕੇ ਇਸ ਦੁਖਦਾਈ ਘਟਨਾ ਵਿਰੁੱਧ ਰੋਸ ਪ੍ਰਗਟ ਕਰਨ ਦੀ ਅਪੀਲ ਕੀਤੀ ਗਈ | ਉਸ ਸਮੇਂ ਦੀਆਂ ਸਿੱਖ ਰਿਆਸਤਾਂ 'ਚੋਂ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਇਸ ਰੋਸ ਦਾ ਨਾ ਸਿਰਫ਼ ਸਮਰਥਨ ਕੀਤਾ, ਸਗੋਂ ਖ਼ੁਦ ਕਾਲੀ ਦਸਤਾਰ ਸਜਾਈ | ਉਨ੍ਹਾਂ ਆਪਣੀ ਰਿਆਸਤ ਦੀ ਪਰਜਾ ਨੂੰ  ਵੀ ਕਾਲੀ ਦਸਤਾਰ ਸਜਾਉਣ ਦਾ ਹੁਕਮ ਦਿੱਤਾ ਅਤੇ ਉਸ ਦਿਨ ਰਿਆਸਤ ਵਿਚ ਛੁੱਟੀ ਕਰ ਕੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਪ੍ਰਤੀ ਆਪਣਾ ਰੋਸ ਅਤੇ ਦੁੱਖ ਪ੍ਰਗਟ ਕੀਤਾ |
ਮਹਾਰਾਜਾ ਰਿਪੁਦਮਨ ਸਿੰਘ ਦੀ ਇਹ ਪੰਥ-ਪ੍ਰਸਤੀ, ਲੋਕ ਪੱਖੀ ਸੋਚ ਅਤੇ ਬਿ੍ਟਿਸ਼ ਹਕੂਮਤ ਅੱਗੇ ਨਾ ਝੁਕਣ ਵਾਲੀ ਨੀਤੀ ਅੰਗਰੇਜ਼ ਸਰਕਾਰ ਨੂੰ  ਰਾਸ ਨਾ ਆਈ | ਮਹਾਰਾਜਾ ਦੇ ਪ੍ਰਭਾਵ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ  ਦੇਖਦਿਆਂ ਬਿ੍ਟਿਸ਼ ਸਰਕਾਰ ਨੇ ਉਨ੍ਹਾਂ ਵਿਰੁੱਧ ਸਾਜਿਸ਼ਾਂ ਦਾ ਜਾਲ ਬੁਣਨਾ ਸ਼ੁਰੂ ਕਰ ਦਿੱਤਾ | ਪਟਿਆਲਾ ਰਿਆਸਤ ਨਾਲ ਚੱਲ ਰਹੇ ਰਿਆਸਤੀ ਵਿਵਾਦ ਨੂੰ  ਆਧਾਰ ਬਣਾਉਂਦਿਆਂ ਆਖ਼ਰ 9 ਜੁਲਾਈ, 1923 ਨੂੰ  ਮਹਾਰਾਜਾ ਰਿਪੁਦਮਨ ਸਿੰਘ ਨੂੰ  ਉਨ੍ਹਾਂ ਦੀ ਸ਼ਾਹੀ ਰਿਹਾਇਸ਼ ਹੀਰਾ ਮਹਿਲ ਤੋਂ ਵੱਡੀ ਗਿਣਤੀ ਵਿਚ ਫ਼ੌਜੀ ਅਤੇ ਪੁਲਿਸ ਬਲ ਤਾਇਨਾਤ ਕਰਕੇ ਹਿਰਾਸਤ ਵਿਚ ਲੈ ਲਿਆ ਗਿਆ | ਪਹਿਲਾਂ ਉਨ੍ਹਾਂ ਨੂੰ  ਦੇਹਰਾਦੂਨ ਅਤੇ ਬਾਅਦ ਵਿਚ ਕੋਡਾਇਕਨਾਲ ਭੇਜ ਦਿੱਤਾ ਗਿਆ | ਇਹ ਕਾਰਵਾਈ ਕੇਵਲ ਇਕ ਰਾਜੇ ਨੂੰ  ਗੱਦੀ ਤੋਂ ਹਟਾਉਣ ਦੀ ਘਟਨਾ ਨਹੀਂ ਸੀ | ਇਸ ਨੇ ਪੰਜਾਬ ਦੇ ਲੋਕਾਂ, ਵਿਸ਼ੇਸ਼ ਤੌਰ 'ਤੇ ਸਿੱਖ ਜਗਤ ਵਿਚ ਡੂੰਘਾ ਰੋਸ ਪੈਦਾ ਕੀਤਾ | ਆਜ਼ਾਦੀ ਦੀ ਲੜਾਈ ਵਿਚ ਸਰਗਰਮ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੇ ਵੀ ਮਹਾਰਾਜਾ ਰਿਪੁਦਮਨ ਸਿੰਘ ਨਾਲ ਹਮਦਰਦੀ ਪ੍ਰਗਟ ਕੀਤੀ | ਇਸੇ ਦÏਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਾਰਾਜਾ ਦੇ ਹੱਕ ਵਿਚ ਮਤਾ ਪਾਸ ਕੀਤਾ ਗਿਆ | ਫ਼ੈਸਲਾ ਹੋਇਆ ਕਿ 9 ਸਤੰਬਰ 1923 ਨੂੰ  'ਨਾਭਾ ਦਿਵਸ' ਮਨਾਇਆ ਜਾਵੇ | ਇਸ ਮੌਕੇ ਰੋਸ ਮਾਰਚ ਕੱਢਣ, ਦੀਵਾਨ ਸਜਾਉਣ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਗੁਰੂ ਚਰਨਾਂ ਵਿਚ ਅਰਦਾਸ ਕਰਨ ਦੀ ਅਪੀਲ ਕੀਤੀ ਗਈ | ਪਰ ਅੰਗਰੇਜ਼ ਸਰਕਾਰ ਨੇ ਇਸ ਨੂੰ  ਆਪਣੇ ਵਿਰੁੱਧ ਵੱਡੀ ਚੁਣੌਤੀ ਸਮਝਿਆ | ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਦੀਵਾਨ ਦੌਰਾਨ ਸਰਕਾਰ ਨੇ ਸਖ਼ਤ ਦਮਨਕਾਰੀ ਕਾਰਵਾਈ ਕੀਤੀ | ਸ਼ਰਧਾਲੂਆਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਅਖੰਡ ਪਾਠ ਨੂੰ  ਖੰਡਿਤ ਕਰ ਦਿੱਤਾ ਗਿਆ | ਇਸ ਘਟਨਾ ਨੇ ਸਿੱਖ ਸੰਗਤ ਦੇ ਹਿਰਦੇ ਨੂੰ  ਝੰਜੋੜ ਕੇ ਰੱਖ ਦਿੱਤਾ ਅਤੇ ਸਰਕਾਰ ਵਿਰੁੱਧ ਰੋਸ ਦੀ ਲਹਿਰ ਹੋਰ ਤੇਜ਼ ਹੋ ਗਈ | ਇਸੇ ਪਿਛੋਕੜ ਵਿਚ ਜੈਤੋ ਦਾ ਮੋਰਚਾ ਸ਼ੁਰੂ ਹੋਇਆ ਸੀ | ਸ੍ਰੀ ਅੰਮਿ੍ਤਸਰ ਸਾਹਿਬ ਤੋਂ ਸ਼ਾਂਤਮਈ ਜਥੇ ਜੈਤੋ ਵੱਲ ਰਵਾਨਾ ਹੋਣ ਲੱਗੇ | ਉਨ੍ਹਾਂ ਦਾ ਮਕਸਦ ਹਿੰਸਾ ਨਹੀਂ, ਸਗੋਂ ਸ਼ਾਂਤਮਈ ਢੰਗ ਨਾਲ ਆਪਣਾ ਧਾਰਮਿਕ ਅਤੇ ਰਾਜਨੀਤਕ ਰੋਸ ਦਰਜ ਕਰਵਾਉਣਾ ਸੀ | ਪਰ ਬਿ੍ਟਿਸ਼ ਸਰਕਾਰ ਨੇ ਇਨ੍ਹਾਂ ਜਥਿਆਂ ਨੂੰ  ਰੋਕਣ ਲਈ ਗਿ੍ਫ਼ਤਾਰੀਆਂ ਤੇ ਜ਼ੁਲਮ ਦਾ ਸਹਾਰਾ ਲਿਆ | 21 ਫਰਵਰੀ, 1924 ਨੂੰ  ਤਾਂ ਹੱਦ ਹੀ ਹੋ ਗਈ, ਜਦੋਂ ਜੈਤੋ ਮੋਰਚੇ ਵਿਚ ਸ਼ਾਂਤਮਈ ਢੰਗ ਨਾਲ ਹਿੱਸਾ ਲੈਣ ਆਏ ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ | ਇਸ ਘਟਨਾ ਨੇ ਸਮੁੱਚੇ ਦੇਸ਼ ਵਿਚ ਅੰਗਰੇਜ਼ ਸਰਕਾਰ ਦੇ ਦਮਨਕਾਰੀ ਰਵੱਈਏ ਵਿਰੁੱਧ ਰੋਸ ਨੂੰ  ਹੋਰ ਪ੍ਰਚੰਡ ਕਰ ਦਿੱਤਾ |
ਜੈਤੋ ਦਾ ਮੋਰਚਾ ਹੌਲੀ-ਹੌਲੀ ਕੇਵਲ ਨਾਭਾ ਦੇ ਮਹਾਰਾਜਾ ਦੀ ਬਹਾਲੀ ਜਾਂ ਰਿਹਾਈ ਦਾ ਮਸਲਾ ਨਹੀਂ ਰਿਹਾ, ਇਹ ਧਾਰਮਿਕ ਆਜ਼ਾਦੀ, ਨਾਗਰਿਕ ਅਧਿਕਾਰਾਂ ਅਤੇ ਬਿ੍ਟਿਸ਼ ਸਾਮਰਾਜਵਾਦ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣ ਗਿਆ | ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ ਜੁੜੇ ਕਈ ਆਗੂਆਂ ਨੇ ਵੀ ਇਸ ਮੋਰਚੇ ਨੂੰ  ਸਮਰਥਨ ਦਿੱਤਾ | ਵੱਖ-ਵੱਖ ਰਾਜਨੀਤਕ ਧਾਰਾਵਾਂ ਨਾਲ ਸੰਬੰਧਿਤ ਆਗੂ ਜੈਤੋ ਪਹੁੰਚੇ ਅਤੇ ਗਿ੍ਫ਼ਤਾਰੀਆਂ ਦਿੱਤੀਆਂ | ਇਨ੍ਹਾਂ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ  ਜੈਤੋ ਮੋਰਚੇ ਦੌਰਾਨ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ | ਇਸ ਤਰ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਨਾਲ ਵਾਪਰੀ ਘਟਨਾ ਤੋਂ ਉਪਜਿਆ ਨਾਭਾ ਦਿਵਸ ਅੱਗੇ ਚੱਲ ਕੇ ਜੈਤੋ ਦੇ ਮੋਰਚੇ ਰਾਹੀਂ ਪੰਜਾਬ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਅਧਿਆਇ ਬਣ ਗਿਆ |
9 ਸਤੰਬਰ ਸਾਨੂੰ ਸਿਰਫ਼ ਇਕ ਇਤਿਹਾਸਕ ਦਿਨ ਯਾਦ ਨਹੀਂ ਕਰਵਾਉਂਦਾ, ਇਹ ਸਾਨੂੰ ਯਾਦ ਕਰਵਾਉਂਦਾ ਹੈ ਕਿ ਜਦੋਂ ਜ਼ੁਲਮ ਦੇ ਸਾਹਮਣੇ ਸੱਚ, ਹੱਕ ਤੇ ਅਸੂਲਾਂ ਦੀ ਗੱਲ ਆਈ ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਆਪਣੀ ਪੰਥਕ ਤੇ ਲੋਕ ਪੱਖੀ ਸੋਚ ਨਾਲ ਡਟ ਕੇ ਖੜ੍ਹਨ ਦੀ ਹਿੰਮਤ ਦਿਖਾਈ | ਇਸ ਇਤਿਹਾਸਕ ਦਿਹਾੜੇ 'ਤੇ ਮਹਾਰਾਜਾ ਰਿਪੁਦਮਨ ਸਿੰਘ, ਜੈਤੋ ਦੇ ਮੋਰਚੇ ਦੇ ਸੂਰਬੀਰਾਂ ਅਤੇ ਉਨ੍ਹਾਂ ਅਨੇਕਾਂ ਸ਼ਹੀਦਾਂ ਤੇ ਯੋਧਿਆਂ ਨੂੰ  ਪ੍ਰਣਾਮ, ਜਿਨ੍ਹਾਂ ਨੇ ਹੱਕ, ਇਨਸਾਫ਼, ਧਾਰਮਿਕ ਆਜ਼ਾਦੀ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ | ਉਨ੍ਹਾਂ ਦੀ ਕੁਰਬਾਨੀ ਸਾਡੀ ਵਿਰਾਸਤ ਹੈ ਅਤੇ ਉਨ੍ਹਾਂ ਦੇ ਅਸੂਲ ਸਾਡੀ ਅਗਲੀ ਪੀੜ੍ਹੀ ਲਈ ਪ੍ਰੇਰਨਾ ਹਨ |
-ਈਮੇਲ : gurmukhsingh.bhojomajri0gmail.com

Ad Position 22
No active advertisement
ਪਿਛਲੀ ਖ਼ਬਰ ਮਹਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਜਲੰਧਰ ਦੀ ਤਰਨ ਤਾਰਨ ’ਤੇ 52 ਦੌੜਾਂ ਨਾਲ ਜਿੱਤ ਅਗਲੀ ਖ਼ਬਰ ਗੁਰਬਾਣੀ ਅਨੁਸਾਰ ਅਧਿਆਪਕ ਦਾ ਸੰਕਲਪ
Ad Position 24