ਮਹਾਰਾਜਾ ਸ਼ੇਰ ਸਿੰਘ ਦਾ ਜਨਮ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ 4 ਦਸੰਬਰ 1807 ਨੂੰ ਹੋਇਆ | ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ਸ਼ਹਿਜ਼ਾਦੇ ਦਾ ਜਨਮ ਸ਼ਹਿਜ਼ਾਦਾ ਖੜਕ ਸਿੰਘ ਤੋਂ ਬਾਅਦ ਦੂਜੇ ਨੰਬਰ 'ਤੇ ਹੋਇਆ | ਇਨ੍ਹਾਂ ਨੂੰ ਯੁੱਧ ਵਿੱਦਿਆ ਦੇ ਨਾਲ-ਨਾਲ ਅੰਗਰੇਜ਼ੀ ਅਤੇ ਫ੍ਰੈਂਚ ਵਿਚ ਵੀ ਚੰਗੀ ਸੂਝ-ਬੂਝ ਸੀ | ਸ਼ਹਿਜ਼ਾਦਾ ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾਂ ਨਾਲ ਹੋਇਆ, ਜਿਸ ਦਾ ਥੋੜ੍ਹੇ ਸਮੇਂ ਬਾਅਦ ਹੀ ਦਿਹਾਂਤ ਹੋ ਗਿਆ | ਸ਼ਹਿਜ਼ਾਦੇ ਦਾ ਦੂਜਾ ਵਿਆਹ ਸ. ਹਰੀ ਸਿੰਘ ਵੜੈਚ (ਲਾਧੋਵਾਲੀਏ) ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ, ਜਿਸ ਨੇ 14 ਦਸੰਬਰ, 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ | ਇਨ੍ਹਾਂ ਤੋਂ ਇਲਾਵਾ ਮਹਾਰਾਜਾ ਸ਼ੇਰ ਸਿੰਘ ਨੇ ਕ੍ਰਮਵਾਰ ਰਾਣੀ ਪ੍ਰਤਾਪ ਕੌਰ (ਪੱੁਤਰੀ ਸ. ਜਗਤ ਸਿੰਘ ਬਰਾੜ), ਰਾਣੀ ਦਖ਼ਣੂ, ਰਾਣੀ ਧਰਮ ਕੌਰ ਰੰਧਾਵਾ ਉਰਫ਼ ਰਾਣੀ ਰੰਧਾਵੀ (ਪੁੱਤਰੀ ਸ. ਜੋਧ ਸਿੰਘ ਰੰਧਾਵਾ), ਰਾਣੀ ਨੰਦ ਕੌਰ (ਪੁੱਤਰੀ ਸ. ਚੰਡਾ ਸਿੰਘ) ਅਤੇ ਰਾਣੀ ਜੇਬੋ ਨਾਲ ਵੀ ਵਿਆਹ ਕੀਤਾ |
ਜੂਨ 1839 'ਚ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਮਗਰੋਂ ਜਦੋਂ ਉਨ੍ਹਾਂ ਦੇ ਵੱਡੇ ਸ਼ਹਿਜ਼ਾਦੇ ਮਹਾਰਾਜਾ ਖੜਕ ਸਿੰਘ ਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਇਕੋ ਦਿਨ ਕਤਲ ਹੋ ਗਿਆ ਤਾਂ ਰਾਜ ਸਾਹਮਣੇ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਖ਼ਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ? ਕੰਵਰ ਸ਼ੇਰ ਸਿੰਘ ਨੂੰ ਤਖ਼ਤ 'ਤੇ ਬਿਠਾਉਣ ਦੀ ਗੱਲ ਚੱਲੀ ਤਾਂ ਗੁਲਾਬ ਸਿੰਘ ਡੋਗਰਾ ਨੇ ਚਾਲ ਚੱਲ ਕੇ ਮਹਾਰਾਜਾ ਖੜਕ ਸਿੰਘ ਦੀ ਪਤਨੀ ਮਹਾਰਾਣੀ ਚੰਦ ਕੌਰ ਨੂੰ ਤਖ਼ਤ 'ਤੇ ਬਿਠਾ ਦਿੱਤਾ | ਉਸ ਦੀ ਸਖ਼ਾਵਤ 'ਚ ਆ ਕੇ ਚੰਦ ਕੌਰ ਨੇ ਵੀ ਇਹ ਬਹਾਨਾ ਬਣਾ ਦਿੱਤਾ ਕਿ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਸਾਹਿਬ ਕੌਰ ਗਿਲਵਾਲਣ ਗਰਭਵਤੀ ਹੈ | ਜੇ ਉਸ ਦੇ ਘਰ ਲੜਕਾ ਹੋਇਆ ਤਾਂ ਮਹਾਰਾਜਾ ਉਹ ਬਣੇਗਾ ਤੇ ਜੇ ਲੜਕੀ ਹੋਈ ਤਾਂ ਸ਼ੇਰ ਸਿੰਘ ਮਹਾਰਾਜਾ ਬਣੇਗਾ |
ਇਸ 'ਤੇ ਸ਼ੇਰ ਸਿੰਘ ਬਟਾਲਾ ਵਾਪਸ ਆ ਗਏ | ਕੁਝ ਸਮੇਂ ਬਾਅਦ ਇਸ ਗੱਲ ਦਾ ਪਰਦਾਫਾਸ਼ ਹੋ ਗਿਆ ਕਿ ਕੰਵਰ ਨੌਨਿਹਾਲ ਸਿੰਘ ਦੀ ਕੋਈ ਵੀ ਰਾਣੀ ਗਰਭਵਤੀ ਨਹੀਂ ਸੀ | ਡੋਗਰਿਆਂ ਦੀਆਂ ਅਜਿਹੀਆਂ ਚਾਲਾਂ ਅਤੇ ਲਗਾਤਾਰ ਹੋ ਰਹੀ ਲੁੱਟ-ਖਸੁੱਟ ਤੇ ਅੱਤਿਆਚਾਰ ਕਾਰਨ ਪੂਰੇ ਲਾਹੌਰ ਵਿਚ ਬੇਅਮਨੀ ਫੈਲ ਚੁੱਕੀ ਸੀ | ਵਿਗੜੀ ਹਾਲਤ ਨੂੰ ਸੁਧਾਰਨ ਲਈ ਰਾਜ ਦੇ ਪੰਚਾਂ ਤੇ ਮੁਲਕੀ ਦਰਬਾਰੀਆਂ ਨੇ ਮੀਆਂ ਮੀਰ ਛਾਉਣੀ 'ਚ ਇਕੱਠ ਕਰਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਪੰਜਾਬ ਦਾ ਰਾਜ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਸੌਂਪਣ ਲਈ ਜਲਦ ਤੋਂ ਜਲਦ ਉਨ੍ਹਾਂ ਨੂੰ ਲਾਹੌਰ ਬੁਲਾਇਆ ਜਾਵੇ | 14 ਜਨਵਰੀ, 1841 ਨੂੰ ਰਾਤ ਦੇ 8 ਵਜੇ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਲਾਹੌਰ 'ਤੇ ਚੜ੍ਹਾਈ ਕਰ ਦਿੱਤੀ ਤੇ ਕਿਲ੍ਹਾ ਲਾਹੌਰ 'ਤੇ ਕਬਜ਼ਾ ਕਰ ਲਿਆ | 27 ਜਨਵਰੀ, 1841 ਨੂੰ ਉਨ੍ਹਾਂ ਨੂੰ ਮਹਾਰਾਜਗੀ ਦਾ ਤਿਲਕ ਲਾਇਆ ਗਿਆ |
ਡੋਗਰਾ ਸਰਦਾਰ ਗੁਲਾਬ ਸਿੰਘ ਤੇ ਧਿਆਨ ਸਿੰਘ ਨੇ ਇਕ ਯੋਜਨਾ ਤਹਿਤ 11 ਜੂਨ, 1842 ਨੂੰ ਰਾਣੀ ਚੰਦ ਕੌਰ ਦਾ ਕਤਲ ਕਰਾਉਣ ਤੋਂ ਬਾਅਦ ਸੰਧਾਵਾਲੀਆ ਸਰਦਾਰਾਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ | 15 ਸਤੰਬਰ, 1843 ਨੂੰ ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਇਕ ਖੇਡ ਮੇਲਾ ਕਰਾਇਆ ਗਿਆ | ਮਹਾਰਾਜਾ ਸ਼ਾਹ ਬਹਿਲੋਲ (ਨਵਾਂ ਨਾਂਅ ਕੋਟ ਖ਼ਵਾਜਾ ਸਈਦ) ਕੁਰਸੀ 'ਤੇ ਬੈਠਾ ਸੀ (ਉਸ ਦਿਨ ਧਿਆਨ ਸਿੰਘ ਡੋਗਰਾ ਬਿਮਾਰੀ ਦਾ ਬਹਾਨਾ ਬਣਾ ਕੇ ਕਿਲ੍ਹੇ ਵਿਚ ਹੀ ਰਹਿ ਗਿਆ) | ਅਜੀਤ ਸਿੰਘ ਸੰਧਾਵਾਲੀਆ 400 ਘੋੜ ਸਵਾਰਾਂ ਦੇ ਅੱਗੇ ਚਲਦਾ ਹੋਇਆ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਅਤੇ ਹਥਿਆਰ ਰੱਖਣ ਤੇ ਖ਼ਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਇਕ ਦੋਨਾਲੀ ਮੌਲੀਦਾਰ ਰਾਈਫ਼ਲ ਪੇਸ਼ ਕੀਤੀ | ਜਿਵੇਂ ਹੀ ਮਹਾਰਾਜਾ ਸ਼ੇਰ ਸਿੰਘ ਉਸ ਨੂੰ ਫੜਨ ਲਈ ਉੱਠੇ ਤਾਂ ਅਜੀਤ ਸਿੰਘ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਤੇ ਉਹ ਕੁਰਸੀ 'ਤੇ ਹੀ ਡਿਗ ਗਏ | ਉਨ੍ਹਾਂ ਦੇ ਮੂੰਹੋਂ ਸਿਰਫ਼ ਏਨਾ ਹੀ ਨਿਕਲਿਆ- ਯਹ ਤੋ ਦਗ਼ਾ ਹੈ | ਉਹ ਆਖ਼ਰੀ ਸਾਹ ਲੈ ਹੀ ਰਹੇ ਸਨ ਕਿ ਅਜੀਤ ਸਿੰਘ ਨੇ ਤਲਵਾਰ ਨਾਲ ਉਨ੍ਹਾਂ ਦਾ ਸਿਰ ਵੱਢ ਕੇ ਨੇਜ਼ੇ 'ਤੇ ਚੜ੍ਹਾ ਦਿੱਤਾ | ਦੂਜੇ ਪਾਸੇ ਗੋਲੀ ਦੀ ਆਵਾਜ਼ ਸੁਣਦਿਆਂ ਹੀ ਲਹਿਣਾ ਸਿੰਘ ਸੰਧਾਵਾਲੀਆ (ਅਜੀਤ ਸਿੰਘ ਲਹਿਣਾ ਸਿੰਘ ਦੇ ਭਰਾ ਵਸਾਵਾ ਸਿੰਘ ਦਾ ਪੁੱਤਰ ਸੀ ਤੇ ਲਹਿਣਾ ਸਿੰਘ ਰਿਸ਼ਤੇ 'ਚ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ) ਨੇ ਤਲਵਾਰ ਫੜੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਵੱਲ ਚੱਲ ਪਿਆ | ਪ੍ਰਤਾਪ ਸਿੰਘ ਅਜੇ ਇਸ ਦੇ ਸਤਿਕਾਰ ਲਈ ਝੁਕਿਆ ਹੀ ਸੀ ਕਿ ਖ਼ੂੰਖ਼ਾਰ ਦਾਦੇ ਨੇ ਆਪਣੇ ਪੋਤਰੇ ਦੀ ਗਰਦਨ ਵੱਢ ਕੇ ਨੇਜ਼ੇ 'ਤੇ ਟੰਗ ਲਈ |
ਬਾਬਾ ਪ੍ਰੇਮ ਸਿੰਘ ਜੀ ਹੋਤੀ ਇਸ ਖ਼ੌਫ਼ਨਾਕ ਦਿ੍ਸ਼ ਦਾ ਭਾਵਨਾਤਮਿਕ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਉਸ ਸਮੇਂ ਭੁੱਲੜ ਸਰਦਾਰ ਲਹਿਣਾ ਸਿੰਘ ਇਹ ਨਹੀਂ ਸੀ ਜਾਣਦਾ ਕਿ ਉਹ ਕੇਵਲ ਬੇਦੋਸ਼ੇ ਬੱਚੇ ਦਾ ਸੀਸ ਹੀ ਨਹੀਂ ਕੱਟ ਰਿਹਾ, ਸਗੋਂ ਖ਼ਾਲਸਾ ਰਾਜ ਦੀਆਂ ਜੜ੍ਹਾਂ ਵੀ ਨਾਲ ਹੀ ਵੱਢ ਰਿਹਾ ਸੀ |
ਇਸ ਭਿਆਨਕ ਦਿ੍ਸ਼ ਨੂੰ ਅੱਖੀਂ ਵੇਖਣ ਵਾਲੇ ਮੌਲਵੀ ਅਹਿਮਦ ਬਖ਼ਸ਼ ਚਿਸ਼ਤੀ ਆਪਣੇ ਰੋਜ਼ਨਾਮਚੇ 'ਚ ਬੜੇ ਪੀੜਤ ਹਿਰਦੇ ਨਾਲ ਲਿਖਦੇ ਹਨ, 'ਜਿਸ ਸਮੇਂ ਸ਼ਹਿਜ਼ਾਦਾ ਪ੍ਰਤਾਪ ਸਿੰਘ ਅਤਿ ਨਿਰਦੈਤਾ ਨਾਲ ਕਤਲ ਕੀਤਾ ਗਿਆ, ਮੈਂ ਉਸ ਸਮੇਂ ਸ਼ਾਲਾਮਾਰ ਬਾਗ਼ ਵੱਲ ਜਾ ਰਿਹਾ ਸੀ ਕਿ ਮੈਨੂੰ ਸੰਯੋਗ ਨਾਲ ਲਹਿਣਾ ਸਿੰਘ ਸਣੇ ਆਪਣੇ ਕੁਝ ਸਵਾਰਾਂ ਦੇ ਮਿਲ ਪਿਆ, ਜਿਸ ਨੇ ਸ਼ਹਿਜ਼ਾਦੇ ਦਾ ਧੜ ਤੋਂ ਵੱਢਿਆ ਹੋਇਆ ਸੀਸ ਆਪਣੇ ਨੇਜ਼ੇ 'ਤੇ ਟੰਗਿਆ ਹੋਇਆ ਸੀ | ਪ੍ਰਤਾਪ ਸਿੰਘ ਦੇ ਖਿੱਲਰੇ ਹੋਏ ਸੋਹਣੇ ਕੇਸ, ਜਿਹੜੇ ਚੋਖੇ ਲੰਬੇ ਸਨ, ਤਿੱਲੇ ਦੀਆਂ ਸੁਨਹਿਰੀ ਤਾਰਾਂ ਵਾਂਗ ਲਿਸ਼ਕ ਰਹੇ ਸਨ | ਉਸ ਦੇ ਸੁੰਦਰ ਮੁੱਖੜੇ ਦੀ ਗੁਲਾਬੀ ਭਾ ਲਹੂ ਦੀਆਂ ਧਾਰਾਂ ਪੈਣ ਨਾਲ ਵਧੇਰੇ ਲਾਲ ਗੁਲਾਲ ਹੋ ਗਈ ਸੀ | ਮਾਲੂਮ ਹੁੰਦਾ ਸੀ ਕਿ ਜਦ ਲਹਿਣਾ ਸਿੰਘ ਨੇ ਉਸ ਦੀ ਗਰਦਨ ਪਰ ਆਪਣੀ ਤਲਵਾਰ ਚਲਾਈ ਸੀ ਤਾਂ ਸ਼ਹਿਜ਼ਾਦਾ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਬਾਬਾ ਜੀ ਵੱਲ ਬਿੱਟ-ਬਿੱਟ ਤੱਕ ਰਿਹਾ ਸੀ | ਉਸ ਦੇ ਵੱਢੇ ਹੋਏ ਸੀਸ ਦੀਆਂ ਹਰਨਾਖੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਇੰਝ ਪ੍ਰਤੀਤ ਹੋ ਰਹੀਆਂ ਸਨ, ਜਿਵੇਂ ਕਹਿ ਰਹੀਆਂ ਹੋਣ ਕਿ ਮੈਨੂੰ ਉਸ ਸਮੇਂ ਆਪਣੇ ਪਿਆਰੇ ਬਾਬਾ ਜੀ ਤੋਂ ਤਰਸ ਕਰਕੇ ਕੋਈ ਨਹੀਂ ਬਚਾ ਸਕਿਆ ਤਾਂ ਹੁਣੇ ਹੀ ਕੋਈ ਦਇਆਵਾਨ ਪਹੁੰਚ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਪੋਤੇ ਦੀ ਮੱਖਣਾਂ ਨਾਲ ਪਲੀ ਹੋਈ ਦੇਹ ਨੂੰ ਕਾਵਾਂ-ਕੁੱਤਿਆਂ ਤੋਂ ਬਚਾ ਕੇ ਅਗਨ ਭੇਟਾ ਕਰ ਦੇਵੇ |'
ਖ਼ੈਰ, ਬਾਅਦ ਵਿਚ ਮਹਾਰਾਜਾ ਸ਼ੇਰ ਸਿੰਘ ਤੇ ਉਨ੍ਹਾਂ ਦੇ ਸ਼ਹਿਜ਼ਾਦੇ ਦੀਆਂ ਦੇਹਾਂ ਦਾ ਸ਼ਾਹ ਬਹਿਲੋਲ ਦੀ ਵਲਗਣ 'ਚ ਇਕੋ ਅੰਗੀਠੇ ਵਿਚ ਸਸਕਾਰ ਕੀਤਾ ਗਿਆ | ਇਹ ਸਮਾਧ ਦੀ ਚੂਨੇ ਗੱਚ ਤੇ ਗੁੰਬਦਦਾਰ ਇਮਾਰਤ ਸ਼ੇਰ ਸਿੰਘ ਦੀ ਪਤਨੀ ਰਾਣੀ ਧਰਮ ਕੌਰ ਰੰਧਾਵਾ ਵਲੋਂ ਚਬੂਤਰੇ 'ਤੇ ਬਣਾਈ ਗਈ | ਇਸ ਸਮਾਧ ਦੇ ਅੰਦਰ ਜਾਣ ਲਈ ਦੋ ਦਰਵਾਜ਼ੇ ਹੁੰਦੇ ਸਨ, ਇਕ ਉੱਤਰ ਵੱਲ ਤੇ ਦੂਜਾ ਦੱਖਣ ਵੱਲ | ਫ਼ਰਸ਼ 'ਤੇ ਛੋਟੀਆਂ ਗੋਲ ਸਮਾਧਾਂ ਬਣੀਆਂ ਹੋਈਆਂ ਸਨ, ਜਿਨ੍ਹਾਂ 'ਚੋਂ ਪੂਰਬ ਵੱਲ ਦੀ ਸਮਾਧ ਮਹਾਰਾਜਾ ਸ਼ੇਰ ਸਿੰਘ ਦੀ, ਪੱਛਮ ਵੱਲ ਦੀ ਟਿੱਕਾ ਪ੍ਰਤਾਪ ਸਿੰਘ ਦੀ ਅਤੇ ਨਾਲ ਹੀ ਰਾਣੀ ਪ੍ਰਤਾਪ ਕੌਰ ਦੀ ਵੀ ਸਮਾਧ ਹੁੰਦੀ ਸੀ, ਜਿਸ ਨੇ ਮਹਾਰਾਜਾ ਦੀ ਬਲ ਰਹੀ ਚਿਖਾ 'ਚ ਛਾਲ ਮਾਰ ਕੇ ਖ਼ੁਦ ਨੂੰ ਭਸਮ ਕਰ ਲਿਆ ਸੀ | ਇਸ ਸਮਾਧ 'ਤੇ ਇਬਾਰਤ ਦਰਜ ਸੀ, 'ਸ. ਠਾਕੁਰ ਸਿੰਘ (ਮੁਤਬੰਨਾ) ਦੀ ਮਾਂ ਅਤੇ ਮਹਾਰਾਜਾ ਸ਼ੇਰ ਸਿੰਘ ਬਹਾਦਰ ਦੀ ਪਤਨੀ ਰਾਣੀ ਪ੍ਰਤਾਪ ਕੌਰ, ਦਿਹਾਂਤ 10 ਭਾਦਰੋਂ, 1914 ਸੰਮਤ |' ਇਸ ਦੇ ਨਾਲ ਹੀ ਰਾਣੀ ਧਰਮ ਕੌਰ ਰੰਧਾਵਾ ਦੀ ਸਮਾਧ ਸੀ, ਜਿਸ 'ਤੇ ਇਬਾਰਤ ਦਰਜ ਸੀ, 'ਸਮਾਧ ਰਾਣੀ ਸਾਹਿਬਾ ਰੰਧਾਵੀ ਧਰਮ ਕੌਰ ਪਤਨੀ ਮਹਾਰਾਜਾ ਸ਼ੇਰ ਸਿੰਘ | ਦਿਹਾਂਤ 14 ਮੱਘਰ, 1927 ਸੰਮਤ |' ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਇਸ ਸਮਾਧ ਦੀ ਹਾਲ ਹੀ 'ਚ ਨਵਉਸਾਰੀ ਕਰਵਾਈ ਗਈ ਹੈ |
-ਪੱਤਰਕਾਰ, ਅਜੀਤ ਉਪ ਦਫ਼ਤਰ ਅੰਮਿ੍ਤਸਰ |