ਕਿਸੇ ਕੌਮ ਦੀ ਮਹਾਨਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਕੋਲ ਕਿੰਨੇ ਉੱਚੇ ਤੇ ਸੁੱਚੇ ਆਦਰਸ਼ਾਂ ਵਾਲੇ ਅਧਿਆਪਕ ਹਨ | ਸੰਸਾਰਕ ਵਿੱਦਿਆ ਪ੍ਰਾਪਤੀ ਦਾ ਖੇਤਰ ਹੋਵੇ ਜਾਂ ਅਧਿਆਤਮਕ ਵਿਕਾਸ ਦਾ ਖੇਤਰ ਦੋਹਾਂ ਵਿਚ ਅਧਿਆਪਕ ਦੀ ਅਹਿਮੀਅਤ ਵਿਸ਼ੇਸ਼ ਹੈ | ਕਿਸੇ ਵੀ ਸਿਖਿਆਰਥੀ ਲਈ ਆਪਣੇ ਜੀਵਨ ਦੀ ਉੱਨਤੀ ਤੇ ਵਿਕਾਸ ਦੀ ਬੁਲੰਦੀ ਤੱਕ ਪਹੁੰਚਣ ਵਾਸਤੇ ਉਸ ਨੂੰ ਸੁੱਘੜ, ਸੁਚੱਜੇ ਤੇ ਸੁਯੋਗ ਰਹਿਨੁਮਾ ਦੀ ਲੋੜ ਹੁੰਦੀ ਹੈ | ਓਅੰਕਾਰੁ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਇਕ ਆਦਰਸ਼ ਅਧਿਆਪਕ ਦੇ ਗੁਣ ਦੱਸਦੇ ਹੋਏ ਫ਼ਰਮਾਉਂਦੇ ਹਨ ਕਿ ਅਧਿਆਪਕ ਦਾ ਕੰਮ ਕੇਵਲ ਗਿਆਨ ਦੇਣ ਤੱਕ ਸੀਮਤ ਨਹੀਂ, ਸਗੋਂ ਉਹ ਆਪ ਵਿੱਦਿਆ ਨੂੰ ਵਿਚਾਰੇ, ਅੰਤਰ ਆਤਮੇ ਆਪੇ ਦੀ ਖੋਜ ਕਰੇ ਅਤੇ ਵਿਦਿਆਰਥੀਆਂ ਵਿਚ ਵੀ ਅਜਿਹੇ ਗੁਣ ਭਰੇ | ਇਸ ਤਰ੍ਹਾਂ ਅੱਖਰੀ ਗਿਆਨ ਪ੍ਰਾਪਤ ਕਰਕੇ ਅੱਖਰਾਂ ਦੇ ਮਾਲਕ ਪ੍ਰਭੂ ਨਾਲ ਇਕਮਿਕ ਹੋ ਜਾਵੇ | ਗੁਰੂ ਜੀ ਦਾ ਫ਼ਰਮਾਨ ਹੈ-
ਪਾਧਾ ਪੜਿਆ ਆਖੀਐ
ਬਿਦਿਆ ਬਿਚਰੈ ਸਹਿਜ ਸੁਭਾਇ¨
ਬਿਦਿਆ ਸੋਧੈ ਤਤੁ ਲਹੈ
ਰਾਮ ਨਾਮ ਲਿਵ ਲਾਇ¨ (ਅੰਗ: 929)
ਅਕਾਲ ਪੁਰਖ ਦੀਆਂ ਨਜ਼ਰਾਂ 'ਚ ਉਹੀ ਅਧਿਆਪਕ ਪ੍ਰਵਾਨ ਹੈ, ਜਿਹੜਾ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪ੍ਰਭੂ ਨਾਲ ਜੋੜਦਾ ਹੈ ਤੇ ਉਨ੍ਹਾਂ 'ਚ ਉੱਚੇ ਤੇ ਸੁੱਚੇ ਗੁਣ ਪੈਦਾ ਕਰਦਾ ਹੈ | ਗੁਰੂ ਨਾਨਕ ਦੇਵ ਜੀ ਆਖਦੇ ਹਨ-
ਪਾਧਾ ਗੁਰਮੁਖਿ ਆਖੀਐ
ਚਾਟੜਿਆ ਮਤਿ ਦੇਇ¨
ਨਾਮੁ ਸਮਾਲਹੁ ਨਾਮੁ ਸੰਗਰਹੁ
ਲਾਹਾ ਜਗ ਮਹਿ ਲੇਇ¨ (ਅੰਗ : 929)
ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿਚ ਫਰਮਾਉਂਦੇ ਹਨ-
ਵਿਦਿਆ ਵੀਚਾਰੀ ਤਾਂ ਪਰਉਪਕਾਰੀ¨
(ਅੰਗ :356)
ਇਸ ਪਾਵਨ ਪੰਗਤੀ ਰਾਹੀਂ ਆਪ ਦੱਸਦੇ ਹਨ ਕਿ ਵਿੱਦਿਆ ਪ੍ਰਾਪਤ ਕਰਕੇ ਜੇਕਰ ਕੋਈ ਮਨੁੱਖ ਪਰਉਪਕਾਰੀ ਬਣ ਗਿਆ ਹੈ ਤਾਂ ਸਮਝੋ ਕਿ ਉਸ ਨੇ ਵਿੱਦਿਆ ਨੂੰ ਵਿਚਾਰਿਆ ਹੈ | ਵਿਚਾਰਹੀਣ ਵਿੱਦਿਆ ਮਨੁੱਖ ਨੂੰ ਪਰਉਪਕਾਰੀ ਬਣਨ ਦੀ ਥਾਂ ਕੁਰਾਹੇ ਪਾ ਦਿੰਦੀ ਹੈ | ਵਿੱਦਿਆ ਦੇ ਕਾਰਨ ਹੀ ਮਨੁੱਖ ਸਾਰੀਆਂ ਜੂਨਾਂ ਦਾ ਸਰਦਾਰ ਹੈ |
ਭਗਤ ਕਬੀਰ ਜੀ ਬਾਵਨ ਅੱਖਰੀ ਵਿਚ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਭਾਸ਼ਾ ਦੇ ਵੱਖ-ਵੱਖ ਅੱਖਰਾਂ ਨੂੰ ਜੋੜ ਕੇ ਵੱਡੇ-ਵੱਡੇ ਗ੍ਰੰਥ ਤਾਂ ਰਚ ਲਏ ਹਨ, ਪ੍ਰੰਤੂ ਉਹ ਨਾਸ਼ ਰਹਿਤ (ਅੱਖਰ) ਇਕ ਅਕਾਲ ਪੁਰਖ ਨੂੰ ਨਹੀਂ ਪਛਾਣ ਸਕਿਆ | ਭਗਤ ਕਬੀਰ ਜੀ ਦਾ ਫ਼ਰਮਾਨ ਹੈ-
ਬਾਵਨ ਅਖਰ ਜੋਰੇ ਆਨਿ¨
ਸਕਿਆ ਨ ਅਖਰੁ ਏਕੁ ਪਛਾਨਿ¨ (ਅੰਗ:343)
ਪੜ੍ਹੇ-ਲਿਖੇ ਤੋਂ ਭਾਵ ਕੇਵਲ ਅੱਖਰੀ ਗਿਆਨ ਹਾਸਿਲ ਕਰਨਾ ਹੀ ਨਹੀਂ ਹੈ | ਅਜਿਹੇ ਪੜ੍ਹੇ-ਲਿਖੇ ਵੇਖੀਏ ਤਾਂ ਰਾਵਣ ਵੀ ਬਹੁਤ ਵੱਡਾ ਵਿਦਵਾਨ ਸੀ | ਅਜਾਮਲ ਆਪਣੇ ਸਮੇਂ ਦਾ ਵੱਡਾ ਗਿਆਨਦਾਤਾ ਸੀ | ਜੇ ਅਜਿਹੇ ਪੜ੍ਹੇ ਲਿਖਿਆਂ ਨੇ ਜਾਤ ਭਾਈਆਂ ਨੂੰ ਮੁਕਤ ਕਰਨ ਦੀ ਬਜਾਏ ਆਪਣੇ ਮਾਲਕ ਦੇ ਜਾਲ ਵਿਚ ਹੀ ਫਸਾਉਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਅਜਿਹੇ ਮਨੁੱਖਾਂ ਦੀ ਤੁਲਨਾ ਸਿਖਾਏ ਹੋਏ ਹਿਰਨਾਂ ਤੇ ਬਾਜਾਂ ਨਾਲ ਕਰਦੇ ਹਨ | ਜਿਵੇਂ ਸਿਖਾਇਆ ਹੋਇਆ ਬਾਜ ਜਾਂ ਹਿਰਨ ਹੋਰਨਾਂ ਪੰਛੀਆਂ ਨੂੰ ਲਿਆ ਕੇ ਸ਼ਿਕਾਰੀ ਕੋਲ ਫਸਾ ਦਿੰਦਾ ਹੈ, ਉਸੇ ਤਰ੍ਹਾਂ ਪੜਿ੍ਹਆ ਹੋਇਆ ਚਲਾਕ ਮਨੁੱਖ ਹੋਰ ਵਿਅਕਤੀਆਂ ਨੂੰ ਆਪਣੇ ਮਾਲਕ (ਰਾਜੇ ਰਜਵਾੜੇ ਜਾਂ ਅਮੀਰ ਵਿਅਕਤੀ) ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਗੁਲਾਮੀ ਦਾ ਨਰਕ ਭੋਗਣ ਜੋਗਾ ਬਣਾ ਦਿੰਦਾ ਹੈ | ਅਜਿਹੇ ਧੋਖੇਬਾਜ਼ ਮਨੁੱਖ ਨੂੰ ਪ੍ਰਭੂ ਦੀ ਦਰਗਾਹ ਵਿਚ ਢੋਈ ਨਹੀਂ ਮਿਲਦੀ | ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ-
ਹਰਣਾ ਬਾਜਾ ਤੇ ਸਿਕਦਾਰਾ
ਏਨਾ ਪੜਿਆ ਨਾਉ¨
ਫਾਧੀ ਲਗੀ ਜਾਤਿ ਫਹਾਇਨਿ
ਅਗੈ ਨਾਹੀ ਥਾਉ¨ (ਅੰਗ:1288)
ਜਿਹੜੇ ਮਨੁੱਖ ਪ੍ਰਾਪਤ ਕੀਤੀ ਵਿੱਦਿਆ ਨੂੰ ਕੇਵਲ ਧਨ ਪਦਾਰਥਾਂ ਦੀ ਖ਼ਾਤਰ ਹੀ ਵੇਚਦੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ | ਮਾਰੂ ਰਾਗ ਵਿਚ ਭਗਤ ਕਬੀਰ ਜੀ ਆਖਦੇ ਹਨ-
ਮਾਇਆ ਕਾਰਨ ਬਿਦਿਆ ਬੇਚਹੁ
ਜਨਮੁ ਅਬਿਰਥਾ ਜਾਈ¨ (ਅੰਗ:1103)
ਜਦੋਂ ਮਨੁੱਖ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਸੱਚ ਦਾ ਗਿਆਨ ਹਾਸਿਲ ਕਰ ਲੈਂਦਾ ਹੈ ਤਾਂ ਉਸ ਦੇ ਅੰਦਰੋਂ ਖੋਟੀ ਮੱਤ ਦੂਰ ਹੋ ਜਾਂਦੀ ਹੈ ਅਤੇ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ | ਭਗਤ ਬੇਣੀ ਜੀ ਫ਼ਰਮਾਉਂਦੇ ਹਨ-
ਉਪਜੈ ਗਿਆਨੁ ਦੁਰਮਤਿ ਛੀਜੈ¨
ਅੰਮਿ੍ਤ ਰਸਿ ਗਗਨੰਤਰਿ ਭੀਜੈ¨ (ਅੰਗ:974)
ਗੁਰੂ ਅਮਰਦਾਸ ਜੀ ਦਾ ਫ਼ਰਮਾਨ ਹੈ-
ਗਿਆਨ ਰਤਨਿ ਸਭ ਸੋਝੀ ਹੋਇ¨ (ਅੰਗ:364)
ਇਹ ਗਿਆਨ ਹੀ ਹੈ ਜੋ ਮਨੁੱਖ ਦੇ ਮਨ 'ਚੋਂ ਵਿਕਾਰਾਂ ਨੂੰ ਖ਼ਤਮ ਕਰਦਾ ਹੈ | ਇਸ ਤਰ੍ਹਾਂ ਮਨੁੱਖ ਦੀ ਪ੍ਰਾਪਤ ਕੀਤੀ ਵਿੱਦਿਆ ਸਮਾਜ ਲਈ ਪਰਉਪਕਾਰੀ ਬਣ ਜਾਂਦੀ ਹੈ |
ਅੱਜ ਸਾਡੇ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ, ਇਸ ਦਾ ਮੁੱਖ ਕਾਰਨ ਹੀ ਇਹ ਹੈ ਕਿ ਦੁਨਿਆਵੀ ਵਿੱਦਿਆ 'ਚੋਂ ਧਰਮ ਅਲੋਪ ਹੋ ਗਿਆ ਹੈ | ਉੱਚ ਵਿੱਦਿਆ ਦੇ ਬਲ ਨਾਲ ਉੱਚੀਆਂ ਪਦਵੀਆਂ ਤਾਂ ਮਿਲ ਗਈਆਂ ਪਰ ਨਾਲ ਹੀ ਮਨੁੱਖੀ ਕਦਰਾਂ-ਕੀਮਤਾਂ ਦਾ ਵੀ ਦੀਵਾਲਾ ਨਿਕਲ ਗਿਆ |
ਜੇਕਰ ਦੇਸ਼ ਦੇ ਵਿਕਾਸ ਵਿਚ ਪੜ੍ਹੇ-ਲਿਖੇ ਲੋਕਾਂ ਦਾ ਵੱਡਾ ਯੋਗਦਾਨ ਹੈ ਤਾਂ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦੇਸ਼ ਦੇ ਵਿਨਾਸ਼ ਵਿਚ ਵੀ ਵੱਡਾ ਯੋਗਦਾਨ ਪੜ੍ਹੇ ਲਿਖੇ ਮਨੁੱਖਾਂ ਦਾ ਹੀ ਹੈ |
ਅੱਜ ਸਮਾਜ ਵਿਚ ਮਨੁੱਖੀ ਕਦਰਾਂ-ਕੀਮਤਾਂ ਅਲੋਪ ਹੋ ਚੁੱਕੀਆਂ ਹਨ | ਇਸ ਦਾ ਮੁੱਖ ਕਾਰਨ ਵਿੱਦਿਆ ਨੂੰ ਧਰਮਹੀਣ ਕਰ ਦੇਣਾ ਹੀ ਹੈ | ਅੱਜ ਸਕੂਲਾਂ ਤੇ ਕਾਲਜਾਂ ਵਿਚ ਧਾਰਮਿਕ ਵਿੱਦਿਆ ਦੇਣੀ ਫ਼ਜ਼ੂਲ ਦੀ ਗੱਲ ਸਮਝੀ ਜਾਂਦੀ ਹੈ | ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਦੇਸ਼ ਦਾ ਵਿੱਦਿਅਕ ਢਾਂਚਾ ਘੜਨ ਦਾ ਮਨੋਰਥ ਰੱਬ ਦਾ ਭੈਅ ਮੰਨਣ ਵਾਲੇ ਚੰਗੇ ਇਨਸਾਨ ਪੈਦਾ ਕਰਨਾ ਨਹੀਂ, ਸਗੋਂ ਹੁਕਮਰਾਨ ਸ਼੍ਰੇਣੀ ਦੇ ਵਫ਼ਾਦਾਰ ਤੇ ਹੁਕਮਪਾਲ ਅਫ਼ਸਰ ਤੇ ਬਾਬੂ ਤਿਆਰ ਕੀਤੇ ਜਾਣਾ ਹੈ | ਅਜਿਹੇ ਵਿੱਦਿਅਕ ਅੰਜਾਮ ਵਿਚ ਧਰਮ ਜਾਂ ਰੱਬ ਨੂੰ ਕਿੱਥੇ ਥਾਂ ਮਿਲ ਸਕਦੀ ਹੈ |
ਡਾਕਟਰ ਵੈਲਡਨ ਆਪਣੀ ਪੁਸਤਕ 'ਦੀ ਇੰਗਲਿਸ਼ ਚਰਚ' ਵਿਚ ਲਿਖਦੇ ਹਨ ਕਿ ਧਰਮ ਤੇ ਵਿੱਦਿਆ ਦੇ ਵੱਖ-ਵੱਖ ਹੋ ਜਾਣ ਨਾਲ ਅੱਜ ਦਾ ਸਮਾਜ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ | ਸਾਡਾ ਮੌਜੂਦਾ ਵਿੱਦਿਅਕ ਢਾਂਚਾ ਰੱਬੀ ਵਿੱਦਿਆ ਤੋਂ ਸੱਖਣਾ ਹੈ | ਇਹ ਕੇਵਲ ਦੁਨੀਆਦਾਰੀ ਦੀ ਜਾਂ ਪੈਸਾ ਕਮਾਉਣ ਦੀ ਹੀ ਗੱਲ ਕਰਦਾ ਹੈ |
ਅਜਿਹੀ ਵਿੱਦਿਆ ਲੇਖੇ ਵਿਚ ਨਹੀਂ ਪੈਂਦੀ, ਗੁਰੂ ਨਾਨਕ ਦੇਵ ਜੀ ਇਸ ਨੂੰ ਝੱਖ ਮਰਨ ਦੇ ਬਰਾਬਰ ਹੀ ਆਖਦੇ ਹਨ | ਆਸਾ ਕੀ ਵਾਰ ਵਿਚ ਉਹ ਕਹਿੰਦੇ ਹਨ-
ਨਾਨਕ ਲੇਖੈ ਇਕ ਗਲ ਹੋਰੁ
ਹਉਮੈ ਝਖਣਾ ਝਾਖ¨ (ਅੰਗ:467)
ਧਰਮ ਦੀ ਵਿੱਦਿਆ ਤੇ ਦੁਨਿਆਵੀ ਵਿੱਦਿਆ ਦੇ ਸੁਮਲੇ ਨੂੰ ਹੀ ਅਸਲ ਵਿੱਦਿਆ ਕਿਹਾ ਜਾ ਸਕਦਾ ਹੈ | ਦੁਨਿਆਵੀ ਵਿੱਦਿਆ ਜਿੱਥੇ ਸਾਨੂੰ ਉੱਚੇ ਰੁਤਬੇ 'ਤੇ ਪਹੁੰਚਣ ਵਿਚ ਸਹਾਈ ਹੁੰਦੀ ਹੈ ਅਤੇ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਣਦੀ ਹੈ, ਉੱਥੇ ਧਰਮ ਦੀ ਵਿੱਦਿਆ ਹੀ ਮਨੁੱਖਤਾ ਵਿਚ ਪਿਆਰ ਤੇ ਏਕਤਾ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ | ਜਦੋਂ ਸਕੂਲਾਂ-ਕਾਲਜਾਂ ਵਿਚ ਧਾਰਮਿਕ ਵਿੱਦਿਆ ਦੇ ਅਧੀਨ ਧਾਰਮਿਕ ਵਿਕਅਤੀਆਂ ਦੇ ਜੀਵਨ ਦੀਆਂ ਉਚਾਈਆਂ ਬਾਰੇ ਵਿਦਿਆਰਥੀਆਂ ਨੂੰ ਸਿੱਖਿਆ ਮਿਲੇਗੀ ਤਾਂ ਉਨ੍ਹਾਂ ਅੰਦਰ ਇਕ-ਦੂਜੇ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ | ਧਾਰਮਿਕ ਮਤਭੇਦਾਂ ਬਾਰੇ ਵੀ ਸਹਿਣਸ਼ੀਲਤਾ ਵਧੇਗੀ | ਅਜਿਹੀ ਵਿੱਦਿਆ ਦੀ ਅੱਜ ਵਧੇਰੇ ਲੋੜ ਹੈ |
ਸੋ, ਅਸਲ ਵਿੱਦਿਆ ਉਹ ਹੈ, ਜੋ ਸਾਨੂੰ ਸਕੂਲਾਂ-ਕਾਲਜਾਂ ਦੇ ਸਲੇਬਸ ਦੀਆਂ ਕਿਤਾਬਾਂ ਤੋਂ ਬਾਹਰ ਮਿਲਦੀ ਹੈ | ਇਸ ਨੂੰ ਹਾਸਿਲ ਕਰਨ ਲਈ ਮਨੁੱਖ ਨੂੰ ਉੱਚੇ-ਸੁੱਚੇ ਜੀਵਨ ਵਾਲੇ ਪੜ੍ਹੇ-ਲਿਖੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ | ਗੁਰੂ ਅੰਗਦ ਦੇਵ ਜੀ ਦਾ ਫ਼ਰਮਾਨ ਹੈ.
ਸਤੀ ਪਹਰੀ ਸਤੁ ਭਲਾ
ਬਹੀਐ ਪੜਿਆ ਪਾਸਿ¨ (ਅੰਗ:146)
ਭਾਈ ਗੁਰਦਾਸ ਜੀ ਆਖਦੇ ਹਨ ਕਿ ਜੇ ਕੋਈ ਵਿਅਕਤੀ ਸੋਨੇ ਦੇ ਸੱਤ ਮੰਦਰ ਉਸਾਰ ਕੇ ਦਾਨ ਕਰ ਦੇਵੇ ਤੇ ਦੂਜੇ ਪਾਸੇ ਇਕ ਅਧਿਆਪਕ ਇਕ ਬੱਚੇ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਆਤਮਿਕ ਗਿਆਨ ਦੀ ਸੋਝੀ ਦੇ ਦੇਵੇ ਤਾਂ ਉਸ ਨੂੰ ਇਸ ਦਾ ਬਹੁਤ ਵੱਡਾ ਫ਼ਲ ਪ੍ਰਾਪਤ ਹੋਵੇਗਾ | ਉਨ੍ਹਾਂ ਦੇ ਸ਼ਬਦ ਹਨ-
ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ
ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ |
-ਹੈੱਡਮਾਸਟਰ (ਸੇਵਾਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ |
ਮੋਬਾਈਲ : 99155-15436