ਸੰਗਤ ਮੰਡੀ, 22 ਫਰਵਰੀ (ਅੰਮਿ੍ਤਪਾਲ ਸ਼ਰਮਾ)- ਪਿੰਡ ਸੰਗਤ ਕਲਾਂ ਦੇ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਨੇ ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਪਿੰਡ ਸੰਗਤ ਕਲਾਂ ਦਾ ਨਾਮ ਰੌਸ਼ਨ ਕੀਤਾ ਅਤੇ ਪੂਰੇ ਪਿੰਡ ਵਾਸੀਆਂ ਦਾ ਮਾਣ ਵਧਾਇਆ ਹੈ | ਪਿੰਡ ਦੇ ਨੌਜਵਾਨ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਸੰਗਤ ਕਲਾਂ ਦੇ ਸਵ. ਮਹਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਸਿੱਧੂ ਦੀ ਹੋਣਹਾਰ ਧੀ ਜਸਲੀਨ ਕੌਰ ਦਾ ਪੂਰਾ ਪਰਿਵਾਰ ਕੈਨੇਡਾ ਵਿਖੇ ਹੈ | ਉਸ ਨੇ ਕੈਨੇਡਾ ਦੀ ਓਨਟਾਰੀਓ ਪ੍ਰੋਵੀਨੀਸਲ ਪੁਲਿਸ ਵਿਚ ਭਰਤੀ ਹੋ ਕੇ ਪੂਰੇ ਪਿੰਡ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਬਾਹਰ ਬਣੇ ਫਾਰਮ ਹਾਊਸ ਵਿੱਚ ਰਹਿੰਦੇ ਮੱਧਵਰਗੀ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਜਸਲੀਨ ਕੌਰ ਨੇ ਪਰਿਵਾਰ ਦੀ ਮੌਜੂਦਗੀ 'ਚ ਪੁਲਿਸ ਦਾ ਜੁਆਇਨਿੰਗ ਬੈਚ ਹਾਸਿਲ ਕੀਤਾ ਹੈ | ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਸਿੱਧੂ ਨੇ ਕਿਹਾ ਕਿ ਜਸਲੀਨ ਕੌਰ ਦੀ ਇਸ ਪ੍ਰਾਪਤੀ 'ਤੇ ਦੇਸ਼ ਵਿਦੇਸ਼ 'ਚ ਰਹਿੰਦੇ ਪਿੰਡ ਸੰਗਤ ਕਲਾਂ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ | ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਗਿੱਲ, ਰਾਜਿੰਦਰ ਸਿੰਘ ਰਾਜਾ ਸਰਪੰਚ ਸੰਗਤ ਕਲਾਂ, ਹਰਭਜਨ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਕੱਤਰ ਸਿੰਘ ਸਾਬਕਾ ਪੰਚ, ਰੇਸ਼ਮ ਸਿੰਘ ਬਰਾੜ, ਮਾਸਟਰ ਗੁਰਦੀਪ ਸਿੰਘ ਅਮਰੀਕਾ, ਹਰਪਾਲ ਸਿੰਘ ਸਿੱਧੂ, ਡਾ. ਸੁਖਵਿੰਦਰ ਸਿੰਘ ਕਾਕਾ, ਸੁਖਤੇਜ ਸਿੰਘ ਧਾਲੀਵਾਲ, ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ, ਗੁਰਜੀਤ ਸਿੰਘ ਸਰਪੰਚ ਗਹਿਰੀ ਬੁੱਟਰ, ਬਲਵਿੰਦਰ ਸਿੰਘ ਸਿੱਧੂ, ਮੈਂਬਰ ਸਿੰਘ ਮਛਾਣਾ ਅਤੇ ਗਮਦੂਰ ਸਿੰਘ ਮਛਾਣਾ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਜਸਲੀਨ ਕੌਰ ਦੇ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ |
ਕਿਸਾਨ ਪਰਿਵਾਰ ਦੀ ਹੋਣਹਾਰ ਧੀ ਨੇ ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਚਮਕਾਇਆ ਪਿੰਡ ਸੰਗਤ ਕਲਾਂ ਦਾ ਨਾਂਅ
ਅਜੀਤ ਡੈਸਕ
23-02-2026