ਭੁੱਚੋ ਮੰਡੀ, 3 ਮਾਰਚ (ਪਰਵਿੰਦਰ ਸਿੰਘ ਜੌੜਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 7 ਮਾਰਚ ਨੂੰ ਗੋਨਿਆਣਾ ਦੀ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲੀ ਭੁੱਚੋ ਵਿਧਾਨ ਸਭਾ ਹਲਕੇ ਦੀ 'ਪੰਜਾਬ ਬਚਾਓ' ਰੈਲੀ ਇਤਿਹਾਸਕ ਹੋ ਨਿੱਬੜੇਗੀ | ਇਹ ਪ੍ਰਗਟਾਵਾ 'ਅਜੀਤ' ਨਾਲ ਵਿਸ਼ੇਸ਼ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਵਿਧਾਨ ਸਭਾ ਹਲਕਾ ਭੁੱਚੋ ਦੇ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਨੇ ਕੀਤਾ | ਉਨ੍ਹਾਂ ਕਿਹਾ ਕਿ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਚਲ ਰਹੀਆਂ ਹਨ ਅਤੇ ਪਿੰਡਾਂ ਦੀਆਂ ਅਕਾਲੀ ਸਫ਼ਾਂ ਹੀ ਨਹੀਂ, ਸਗੋਂ ਸਭਨਾਂ ਵਰਗਾਂ ਵਿਚ ਇਸ ਰੈਲੀ ਪ੍ਰਤੀ ਭਾਰੀ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਲੋਕ ਆਪਣੇ ਹਰਮਨ ਪਿਆਰੇ ਨੇਤਾ ਸੁਖਬੀਰ ਸਿੰਘ ਬਾਦਲ ਨੂੰ ਸੁਣਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਅਤੇ ਮਾਂ ਪਾਰਟੀ ਹੈ, ਜੋ ਅਸਲ ਵਿਚ ਪੰਜਾਬ ਦਾ ਭਲਾ ਚਾਹੁੰਦੀ ਹੈ ਅਤੇ ਆਪਣੇ ਪੱਧਰ 'ਤੇ ਫ਼ੈਸਲੇ ਲੈ ਸਕਦੀ ਹੈ | ਜਦੋਂ ਕਿ ਦੂਜੀਆਂ ਸਾਰੀਆਂ ਪਾਰਟੀਆਂ ਦੀ ਵਾਗਡੋਰ ਦਿੱਲੀ ਵਾਲਿਆਂ ਦੇ ਹੱਥ ਹੈ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ 'ਦਿੱਲੀ' ਕਦੇ ਵੀ 'ਪੰਜਾਬ' ਦਾ ਭਲਾ ਨਹੀਂ ਚਾਹੁੰਦੀ | ਉਨ੍ਹਾਂ ਕਿਹਾ ਕਿ ਭੁੱਚੋ ਹਲਕੇ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ ਅਤੇ ਹੁਣ ਵਿਧਾਨ ਸਭਾ ਚੋਣਾਂ 2027 ਵਿਚ ਵੀ ਸ਼੍ਰੋਮਣੀ ਅਕਾਲੀ ਦਲ ਇੱਥੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 7 ਮਾਰਚ ਦੀ ਗੋਨਿਆਣਾ ਵਿਖੇ ਹੋਣ ਵਾਲੀ ਭੁੱਚੋ ਹਲਕੇ ਦੀ ਰੈਲੀ ਵਿਚ ਵਹੀਰਾਂ ਘੱਤ ਕੇ ਪਹੁੰਚਿਆ ਜਾਵੇ ਅਤੇ ਸਰਕਾਰ ਦੀਆਂ ਜਾਬਰ ਨੀਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਭੁੱਚੋ ਸ਼ਹਿਰੀ ਦੇ ਪ੍ਰਧਾਨ ਸ਼ਿਵਨੰਦਨ ਗਰਗ ਅਤੇ ਸੀਨੀਅਰ ਆਗੂ ਨਰਦੀਪ ਗਰਗ ਵੀ ਮੌਜੂਦ ਸਨ |