ਬਠਿੰਡਾ, 7 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਔਰਤਾਂ ਨੂੰ 'ਕੌਮਾਂਤਰੀ ਮਹਿਲਾ ਦਿਵਸ' ਦੀ ਵਧਾਈ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਔਰਤਾਂ ਲਈ ਸੈਂਕੜੇ ਸਕੀਮਾਂ ਚਲਾ ਕੇ ਉਨ੍ਹਾਂ ਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਬਣਾਇਆ ਹੈ | ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਐਚ.ਵੀ.ਪੀ ਟੀਕਾਕਰਨ ਡਰਾਇਵ ਤਹਿਤ 14 ਸਾਲ ਦੀਆਂ ਕੁੜੀਆਂ ਲਈ ਹੁਮੈਨ ਟੀਕਾਕਰਨ ਦੀ ਰਾਸ਼ਟਰੀ ਮੁਹਿੰਮ ਚਲਾਈ, ਜੋ ਔਰਤਾਂ ਦੀ ਸਿਹਤ ਤੇ ਸ਼ਕਤੀਕਰਨ ਲਈ ਮਹੱਤਵਪੂਰਨ ਕਦਮ ਹੈ | ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ 29 ਕਰੋੜ ਤੋਂ ਵੱਧ ਔਰਤਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਕੇ 56 ਫ਼ੀਸਦੀ ਖਾਤੇ ਔਰਤਾਂ ਦੇ ਖੋਲ੍ਹੇ ਗਏ ਹਨ | ਇਸੇ ਤਰ੍ਹਾਂ 'ਬੇਟੀ ਬਚਾਓ-ਬੇਟੀ ਪੜ੍ਹਾਓ' ਤਹਿਤ ਕਰੀਬ 918 ਤੋਂ 930 ਤੱਕ ਸੁਧਾਰ ਕੀਤਾ ਗਿਆ ਅਤੇ ਕੁੜੀਆਂ ਦਾ ਸਕੂਲ ਦਾਖਲਾ 70 ਫ਼ੀਸਦੀ ਵਧਾਇਆ ਗਿਆ | ਕੰਨਿਆ ਸਮਿ੍ਧੀ ਯੋਜਨਾ ਤਹਿਤ 4.2 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਗਏ ਹਨ, ਜਿਸ ਨਾਲ ਕੁੜੀਆਂ ਦਾ ਭਵਿੱਖ ਸੁਰੱਖਿਅਤ ਹੋਇਆ | ਮਿਸ਼ਨ ਸ਼ਕਤੀ ਅਧੀਨ ਔਰਤਾਂ ਦੀ ਸੁਰੱਖਿਆ ਅਤੇ ਸ਼ਕਤੀਕਰਨ ਲਈ ਓਨ ਸਟਾਫ਼ ਸੈਂਟਰ ਅਤੇ ਵੋਮੈਨ ਹੈਲਪ ਲਾਈਨ ਨੂੰ ਅੱਪਗ੍ਰੇਡ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 68 ਫ਼ੀਸਦੀ ਕਰਜ਼ੇ ਔਰਤਾਂ ਨੂੰ ਦਿੱਤੇ ਗਏ ਹਨ, ਜਿਸ ਨਾਲ ਉਨ੍ਹਾਂ ਦਾ ਆਰਥਿਕ ਸ਼ਕਤੀਕਰਨ ਹੋਇਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਇਨ੍ਹਾਂ ਪਹਿਲਕਦਮੀਆਂ ਨਾਲ ਔਰਤਾਂ ਦਾ ਰੁਤਬਾ ਹੋਰ ਉੱਚਾ ਹੋਇਆ ਅਤੇ ਉਹ ਹਰ ਖੇਤਰ 'ਚ ਅੱਗੇ ਵਧੀਆਂ ਹਨ |
ਮੋਦੀ ਸਰਕਾਰ ਨੇ ਔਰਤ ਨੂੰ ਆਤਮ-ਨਿਰਭਰ ਤੇ ਸ਼ਕਤੀਸ਼ਾਲੀ ਬਣਾਇਆ-ਪਰਮਪਾਲ ਸਿੱਧੂ
ਅਜੀਤ ਡੈਸਕ
08-03-2026