ਪੰਜਾਬ 'ਬਜਟ' ਸੱਤਾਧਾਰੀ ਧਿਰ ਦੇ ਆਗੂਆਂ ਨੇ ਸਲਾਹਿਆ ਤੇ ਵਿਰੋਧੀਆਂ ਨੇ ਨਕਾਰਿਆ
ਅਜੀਤ ਡੈਸਕ
09-03-2026
'ਆਪ' ਚੋਣ ਵਾਅਦੇ ਪੂਰੇ ਕਰਨ ਵਾਲੀ ਪੰਜਾਬ ਦੀ ਪਹਿਲੀ ਸਰਕਾਰ-ਨੀਲ ਗਰਗ
'ਆਪ' ਦੇ ਸੀਨੀਅਰ ਬੁਲਾਰੇ ਅਤੇ ਪੰਜਾਬ ਲਘੂ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਇਤਿਹਾਸਿਕ ਦੱਸਦਿਆਂ ਕਿਹਾ ਕਿ 'ਆਪ' ਚੋਣ ਵਾਅਦੇ ਪੂਰੇ ਕਰਨ ਵਾਲੀ ਪੰਜਾਬ ਦੀ ਪਹਿਲੀ ਸਰਕਾਰ ਹੈ¢ ਉਨ੍ਹਾਂ ਕਿਹਾ ਕਿ ਬਜਟ ਔਰਤਾਂ, ਉਦਯੋਗਪਤੀਆਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਸਿਹਤ ਤੇ ਸਿੱਖਿਆ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਵਾਲਾ ਲੋਕ ਪੱਖੀ ਬਜਟ ਹੈ¢ ਨੀਲ ਗਰਗ ਨੇ ਕਿਹਾ ਕਿ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਫ਼ੈਸਲਾ ਇਤਿਹਾਸਿਕ ਹੈ, ਜਿਸ ਨਾਲ ਲੱਖਾਂ ਔਰਤਾਂ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਹੋਵੇਗੀ¢ ਬਜਟ 'ਚ ਨਵੀਂ ਉਦਯੋਗਿਕ ਨੀਤੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ, ਜਿਸ ਨਾਲ ਪੰਜਾਬ 'ਚ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ¢
ਆਮ ਆਦਮੀ ਪੱਖੀ ਹੈ ਬਜਟ-ਬਲਦੇਵ ਸਿੰਘ ਪੀ.ਆਈ.ਐੱਸ.
ਆਮ ਆਦਮੀ ਪਾਰਟੀ (ਆਪ) ਦੇ ਐਕਸ ਇੰਪਲਾਈਜ਼ ਵਿੰਗ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਪੀ.ਆਈ.ਐੱਸ. ਨੇ ਪੰਜਾਬ ਸਰਕਾਰ ਦੇ ਬਜਟ ਨੂੰ ਆਮ ਆਦਮੀ ਪੱਖੀ ਬਜਟ ਦੱਸਿਆ¢ ਉਨ੍ਹਾਂ ਕਿਹਾ ਕਿ ਬਜਟ ਪੰਜਾਬ ਦੇ ਵਿਕਾਸ, ਆਰਥਿਕ ਮਜ਼ਬੂਤੀ ਅਤੇ ਲੋਕਾਂ ਦੀ ਭਲਾਈ ਵੱਲ ਇਕ ਮਜ਼ਬੂਤ ਕਦਮ ਹੈ ਅਤੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਬਿਹਤਰੀਨ ਬਜਟਾਂ 'ਚੋਂ ਇਕ ਹੈ¢ਬਲਦੇਵ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਨੇ ਹਰ ਗਰੰਟੀ ਪੂਰੀ ਕਰ ਦਿੱਤੀ ਹੈ¢
ਪੰਜਾਬ ਦੀ ਤਰੱਕੀ ਦੀ ਕੋਈ ਯੋਜਨਾ ਨਹੀਂ- ਗਿਆਨ ਚੰਦ ਬਾਂਸਲ
ਉੱਘੇ ਸਮਾਜਸੇਵੀ ਗਿਆਨ ਚੰਦ ਬਾਂਸਲ ਨੇ ਸੂਬਾ ਸਰਕਾਰ ਦੇ ਬਜਟ ਨੂੰ ਫੋਕਾ ਕਰਾਰ ਦਿੰਦਿਆਂ ਕਿਹਾ ਕਿ ਬਜਟ 'ਚ ਪੰਜਾਬ ਦੀ ਤਰੱਕੀ ਦੀ ਕੋਈ ਠੋਸ ਯੋਜਨਾ ਨਹੀਂ¢ ਸਰਕਾਰ ਕਰਜ਼ੇ ਚੁੱਕ ਕੇ ਚੱਲ ਰਹੀ ਹੈ, ਪਿਛਲੇ ਚਾਰ ਸਾਲਾਂ 'ਚ ਨਿੱਜੀ ਵਪਾਰੀਆਂ ਵਲੋਂ ਕੋਈ ਨਿਵੇਸ਼ ਨਹੀਂ, ਮਾਲੀਏ ਦੇ ਕੋਈ ਸਰੋਤ ਸ਼ੁਰੂ ਨਹੀਂ ਕੀਤੇ ਗਏ¢ਪੇਂਡੂ ਜਾਂ ਸ਼ਹਿਰੀ ਖੇਤਰ 'ਚ ਕੋਈ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ¢ ਪਹਿਲਾਂ ਵਾਂਗੂ ਇਹ ਧੋਖੇ ਦਾ ਬਜਟ¢
ਥੋਥਾ ਤੇ ਨਿਰਾਸ਼ਾਜਨਕ ਬਜਟ- ਡਾ. ਅਜੀਤਪਾਲ ਸਿੰਘ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਜੀਤਪਾਲ ਸਿੰਘ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਥੋਥਾ ਤੇ ਨਿਰਾਸ਼ਾਜਨਕ ਦੱਸਦੇ ਕਿਹਾ ਕਿ ਮੈਡੀਕਲ ਅਤੇ ਉਚ-ਸਿੱਖਿਆ ਪਹਿਲਾਂ ਵਾਂਗ ਮਹਿੰਗੀ ਰਹੇਗੀ¢ ਸਿਹਤ ਤੇ ਸਿੱਖਿਆ ਨੂੰ ਲੀਹਾਂ 'ਤੇ ਪਾਉਣ ਦਾ ਕੋਈ ਐਲਾਨ ਨਹੀਂ¢ ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਣ, ਗਰੀਬੀ ਤੋਂ ਕੋਈ ਰਾਹਤ ਨਹੀਂ¢ਬਜਟ ਲੋਕ ਹਿੱਤਾਂ ਦੀ ਬਜਾਏ ਸਿਆਸਤ ਤੋਂ ਪ੍ਰੇਰਿਤ ਹੈ¢
'ਆਪ' ਸਰਕਾਰ ਦਾ ਬਜਟ ਚੋਣ ਸਟੰਟ, ਮਹਿਲਾਵਾਂ ਨੂੰ 1000 ਰੁਪਏ ਦਾ ਐਲਾਨ ਸਿਰਫ਼ ਲਾਲੀਪਾਪ-ਬਬਲੀ ਢਿੱਲੋਂ
ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੰੂ ਪੂਰੀ ਤਰ੍ਹਾਂ ਚੁਣਾਂਵੀਂ ਸਟੰਟ ਕਰਾਰ ਦਿੱਤਾ ਹੈ¢ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿਰਫ਼ ਚੋਣਾਂ ਵਿਚ ਲਾਭ ਲੈਣ ਲਈ ਐਲਾਨਾਂ ਦੀ ਬਰਸਾਤ ਕੀਤੀ ਹੈ¢ ਇਹ ਸਿਰਫ਼ ਚੋਣ ਸਟੰਟ ਹੈ ਪਰ ਪੰਜਾਬ ਦੀ ਜਨਤਾ ਹੁਣ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਵੇਗੀ¢ ਬਬਲੀ ਢਿੱਲੋਂ ਨੇ ਕਿਹਾ ਕਿ ਸਰਕਾਰ ਵਲੋਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਸਿਰਫ਼ ਚੋਣਾਂ ਤੋਂ ਪਹਿਲਾਂ ਦਿੱਤਾ ਗਿਆ ਲਾਲੀਪਾਪ ਹੈ, ਪਿਛਲੇ ਚਾਰ ਸਾਲਾਂ ਦੌਰਾਨ ਇਸ ਸੰਬੰਧੀ ਕੋਈ ਢੰਗ ਦਾ ਕਦਮ ਨਹੀਂ ਚੁੱਕਿਆ¢ ਜੇਕਰ ਸਰਕਾਰ ਸੱਚਮੁੱਚ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਪਿਛਲੇ ਚਾਰ ਸਾਲਾਂ ਦਾ ਬਕਾਇਆ ਅਦਾ ਕਰਦਿਆਂ ਹਰ ਹੱਕਦਾਰ ਮਹਿਲਾ ਨੂੰ ਕਰੀਬ 48 ਹਜ਼ਾਰ ਰੁਪਏ ਦਿੱਤੇ ਜਾਣੇ ਚਾਹੀਦੇ ਹਨ¢ ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਗਰੀਬ ਵਰਗ, ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ¢
ਸਰਕਾਰ ਦਾ ਬਜਟ ਨਿਰਾ ਝੂਠ ਦਾ ਪੁਲੰਦਾ-ਕੇ.ਕੇ. ਅਗਰਵਾਲ
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਕੇ.ਕੇ. ਅਗਰਵਾਲ ਨੇ ਕਿਹਾ ਕਿ ਸਰਕਾਰ ਦਾ ਬਜਟ ਨਿਰਾ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ | ਪਿਛਲੀਆਂ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਸਰਕਾਰ ਤਾਂ ਬਣਾ ਲਈ ਸੀ ਪਰ ਹੁਣ ਤੱਕ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ | ਪਰ ਲੋਕ ਹੁਣ ਮੂਰਖ ਨਹੀਂ ਬਣਨਗੇ | ਸਰਕਾਰ ਦੇ ਇਨ੍ਹਾਂ ਐਲਾਨਾਂ ਦੀ ਸਚਾਈ ਨੂੰ ਲੋਕੀਂ ਚੰਗੀ ਤਰ੍ਹਾਂ ਸਮਝਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਸਿਰਫ਼ ਹਨੇਰੇ ਵਿਚ ਰੱਖਿਆ ਹੈ ਖ਼ਾਸ ਕਰਕੇ ਮਹਿਲਾਵਾਂ ਮਹਿਲਾਵਾਂ ਨੂੰ , ਜਿਨ੍ਹਾਂ ਦੀਆਂ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਨੂੰ ਉਡੀਕਦਿਆਂ ਉਡੀਕਦਿਆਂ ਅੱਖਾਂ ਪੱਕ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਿਛਲੇ ਚਾਰ ਸਾਲਾਂ ਦਾ ਪਹਿਲਾਂ 48-48 ਹਜ਼ਾਰ ਰੁਪਏ ਬਕਾਇਆ ਦੇਣਾ ਬਣਦਾ ਸੀ | ਹੁਣ ਵੱਡੀ ਗਿਣਤੀ ਔਰਤਾਂ ਨੂੰ ਮਹਿਲਾਵਾਂ ਵਾਲੀ ਗਰੰਟੀ ਵਿਚੋਂ ਬਾਹਰ ਕਰ ਦਿੱਤਾ | ਅਗਰਵਾਲ ਨੇ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ, ਲੋਕੀਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਸਰਕਾਰ ਨੂੰ ਸੂਬੇ ਦੇ ਵਿਕਾਸ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ, ਨਾ ਕਿ ਸਿਰਫ਼ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ | ਉਨ੍ਹਾਂ ਕਿਹਾ ਕਿ ਉਦਯੋਗ ਤੇ ਵਪਾਰ ਮੰਦੀ ਦਾ ਸਾਹਮਣਾ ਕਰ ਰਹੇ ਹਨ¢ ਅਜਿਹੇ ਸਮੇਂ ਵਿਚ ਸਰਕਾਰ ਨੂੰ ਵਿਕਾਸ, ਰੋਜ਼ਗਾਰ ਅਤੇ ਆਰਥਿਕ ਮਜ਼ਬੂਤੀ ਲਈ ਠੋਸ ਕਦਮ ਚੁੱਕਣੇ ਚਾਹੀਦੇ ਸਨ, ਪਰ ਬਜਟ ਵਿਚ ਸਿਰਫ਼ ਐਲਾਨਾਂ ਦੀ ਭਰਮਾਰ ਹੈ¢
'ਆਪ' ਸਰਕਾਰ ਦੇ ਬਜਟ ਵਿਚ ਮੁਲਾਜ਼ਮਾਂ ਲਈ ਕੁਝ ਨਹੀਂ-ਗੁਰਚਰਨ ਸਿੰਘ ਬਰਾੜ
ਸੇਵਾਮੁਕਤ ਡੀ.ਐੱਸ.ਐੱਸ ਗੁਰਚਰਨ ਸਿੰਘ ਬਰਾੜ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਹਕੀਕਤਾਂ ਦੀ ਬਜਾਏ ਸਿਰਫ਼ ਪ੍ਰਸਤਾਵਾਂ ਅਤੇ ਸੰਭਾਵਨਾਵਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ¢ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਸਿਰਫ਼ ਵਾਅਦਿਆਂ ਅਤੇ ਸਬਜ਼ਬਾਗਾਂ ਨਾਲ ਹੀ ਗੁੰਮਰਾਹ ਕੀਤਾ ਹੈ¢ ਉਨ੍ਹਾਂ ਕਿਹਾ ਕਿ ਬਜਟ ਵਿਚ ਸਰਕਾਰੀ ਮੁਲਾਜ਼ਮਾਂ ਲਈ ਕੋਈ ਵੱਡੀ ਰਾਹਤ ਜਾਂ ਖ਼ਾਸ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਸਿੱਖਿਆ ਦੇ ਖੇਤਰ ਵਿਚ ਕੇਰਲ ਨੂੰ ਪਛਾੜਨ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਸਿੱਖਿਆ ਲਈ ਘੱਟ ਬਜਟ ਰੱਖਿਆ ਹੈ |