ਮਾਨਸਾ, 28 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਬਲ ਮਿਲਿਆ ਜਦੋਂ ਨੇੜਲੇ ਪਿੰਡ ਸਹਾਰਨਾ ਦੇ 32 ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ ਹੇਠ ਦਲ 'ਚ ਸ਼ਾਮਿਲ ਹੋ ਗਏ | ਪਾਰਟੀਆਂ ਛੱਡਣ ਵਾਲਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ 'ਚ ਨਸ਼ਿਆਂ ਦਾ ਬੋਲਬਾਲਾ ਵਧ ਗਿਆ ਹੈ ਅਤੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਿਕਾਸ ਦੇ ਨਾਂਅ 'ਤੇ ਉਨ੍ਹਾਂ ਦੇ ਪਿੰਡ ਦੀਆਂ 2 ਗਲੀਆਂ ਤੱਕ ਨਹੀਂ ਬਣਾ ਸਕੀ | ਹਲਕਾ ਇੰਚਾਰਜ ਅਰੋੜਾ ਨੇ ਕਿਹਾ ਕਿ ਸ਼ਾਮਿਲ ਹੋਣ ਵਾਲਿਆਂ ਨੂੰ ਸਿਰੋਪਾਓ ਭੇਟ ਕਰਦਿਆਂ ਕਿਹਾ ਕਿ ਪਾਰਟੀ 'ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਅਤੇ ਦੂਜੀਆਂ ਪਾਰਟੀਆਂ 'ਚ ਬੈਠੇ ਵਰਕਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਤਾਂ ਜੋ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਖ਼ੁਸ਼ਹਾਲੀ ਦੇ ਰਾਹ ਤੋਰਿਆ ਜਾ ਸਕੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜੋ ਕਿਹਾ ਹੈ, ਉਹ ਕਰ ਕੇ ਵਿਖਾਇਆ ਹੈ | ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ, ਸਾਬਕਾ ਸਰਪੰਚ ਗੁਰਜੀਤ ਸਿੰਘ ਜਵਾਹਰਕੇ ਆਦਿ ਹਾਜ਼ਰ ਸਨ |