ਮਾਨਸਾ, 28 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਨੇੜਲੇ ਪਿੰਡ ਨੰਗਲ ਕਲਾਂ ਦੇ ਖੇਤ ਮਜ਼ਦੂਰ ਦੀ ਵੱਧ ਮਾਤਰਾ 'ਚ ਨਸ਼ਾ ਲੈਣ ਨਾਲ ਹੋਈ ਮੌਤ ਦੇ ਮਾਮਲੇ 'ਚ ਪੰਚਾਇਤ ਤਸਕਰਾਂ ਦੇ ਵਿਰੋਧ 'ਚ ਖੁੱਲ੍ਹ ਕੇ ਅੱਗੇ ਆ ਗਈ ਹੈ | ਮਿ੍ਤਕ ਦੀ ਮਾਤਾ ਦੇ ਬਿਆਨਾਂ 'ਤੇ ਭਾਵੇਂ ਪੁਲਿਸ ਨੇ ਮਾਮਲਾ ਦਰਜ ਕਰ ਕੇ 3 ਜਣਿਆਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ ਪਰ ਪੰਚਾਇਤ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਕਾਫ਼ੀ ਨਹੀਂ | ਉਨ੍ਹਾਂ ਕਿਹਾ ਕਿ ਜੇਕਰ 30 ਮਾਰਚ ਤੱਕ ਨਸ਼ਾ ਤਸਕਰਾਂ ਦਾ ਘਰ ਨਾ ਢਹਾਇਆ ਗਿਆ ਤਾਂ ਪਿੰਡ ਵਾਸੀ ਤਸਕਰਾਂ ਦੇ ਘਰ ਨੂੰ ਢਹਿ-ਢੇਰੀ ਕਰਨਗੇ | ਕਾਬਲੇ-ਗ਼ੌਰ ਰਹੇ ਖੇਤ ਮਜ਼ਦੂਰ ਅਮਰਪਾਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਬੀਤੇ ਕੱਲ੍ਹ ਮੌਤ ਹੋ ਗਈ ਸੀ | ਮਿ੍ਤਕ ਦੀ ਮਾਂ ਗੁਰਮੇਲ ਕੌਰ ਨੇ ਗੁਆਂਢੀ ਪਰਿਵਾਰ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਵੱਲੋਂ ਨਸ਼ਾ ਦੇਣ ਕਰ ਕੇ ਹੀ ਲੜਕੇ ਦੀ ਮੌਤ ਹੋਈ ਹੈ | ਪੁਲੀਸ ਨੇ ਦੋ ਸਕੇ ਭਰਾਵਾਂ ਤੋਂ ਇਲਾਵਾ ਮਾਤਾ-ਪਿਤਾ ਤੇ ਭੈਣ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ 3 ਨੂੰ ਗਿ੍ਫ਼ਤਾਰ ਲਿਆ ਸੀ | ਅੱਜ ਸਰਪੰਚ ਰੇਸ਼ਮ ਸਿੰਘ ਜਿੰਦਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ | ਇਸ ਮੌਕੇ ਪੰਚ ਦਰਸ਼ਨ ਸਿੰਘ, ਜਗਸੀਰ ਸਿੰਘ, ਸੁਖਪਾਲ ਸਿੰਘ, ਪਾਲ ਸਿੰਘ, ਭੋਲਾ ਸਿੰਘ, ਸੁਖਪ੍ਰੀਤ ਕੌਰ ਅਤੇ ਗੁਰਦੇਵ ਕੌਰ ਹਾਜ਼ਰ ਸਨ | ਸਰਪੰਚ ਨੇ ਦੋਸ਼ ਲਗਾਇਆ ਕਿ ਪਿੰਡ ਵਿਚ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਵੀ ਪਿੰਡ ਵਿਚ ਨਸ਼ਾ ਆਮ ਵਿਕ ਰਿਹਾ ਹੈ | ਦੂਸਰੇ ਪਾਸੇ ਪੁਲਿਸ ਚੌਂਕੀ ਕੋਟਧਰਮੂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ |