ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬਠਿੰਡਾ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਵਿਚ ਮੈਗਾ ਅਧਿਆਪਕ-ਮਾਪੇ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ | ਇਸ ਮੌਕੇ ਅਧਿਆਪਕਾਂ ਵਲੋਂ ਜਿਥੇ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਦੇ ਲਿਖਤੀ ਰਿਪੋਰਟ ਕਾਰਡ ਦੇਣ ਤੋਂ ਇਲਾਵਾ ਉਨ੍ਹਾਂ ਦੀ ਪੂਰਨ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਦੱਸਿਆ ਗਿਆ, ਉਥੇ ਸਰਕਾਰ ਵਲੋਂ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਪੀ.ਐਮ.ਸ੍ਰੀ ਸ.ਕੰ.ਸ.ਸ.ਸ. ਗੋਨਿਆਣਾ ਮੰਡੀ ਵਿਖੇ ਸਕੂਲ ਪਿ੍ੰਸੀਪਲ ਸ੍ਰੀਮਤੀ ਸਵਿਤਾ ਰਾਣੀ ਦੇਖ-ਰੇਖ ਹੇਠ ਮੈਗਾ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ | ਇਸ ਸੰਬੰਧੀ ਬੱਚਿਆਂ ਦੇ ਮਾਪਿਆਂ ਨੂੰ ਇਕ ਹਫ਼ਤਾ ਪਹਿਲਾਂ ਵਿਸ਼ੇਸ਼ ਤੌਰ 'ਤੇ ਸੱਦਾ-ਪੱਤਰ ਭੇਜੇ ਗਏ ਅਤੇ ਮੰਡੀ ਅਤੇ ਇਲਾਕੇ ਵਿਚ ਵਿਸ਼ੇਸ਼ ਤੌਰ 'ਤੇ ਮੁਨਿਆਦੀ ਕਰਵਾਈ ਗਈ | ਮੀਟਿੰਗ ਤੋਂ ਪਹਿਲਾਂ ਐਸ.ਐਮ.ਸੀ.ਮੈਂਬਰਾਂ ਅਤੇ ਸਟਾਫ਼ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਪੀ.ਟੀ.ਐਮ.ਦਾ ਉਦੇਸ਼, ਪੀ.ਟੀ.ਐਮ. ਦੀ ਭਾਗੀਦਾਰੀ, ਵਿਦਿਆਰਥੀਆਂ ਦੇ ਦਾਖ਼ਲਿਆਂ ਸਬੰਧੀ, ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ, ਐਚ.ਪੀ. ਵੀ.ਟੀਕਾਕਰਨ ਸਬੰਧੀ, ਹੁਨਰ ਸਿੱਖਿਆ ਯੋਜਨਾ ਬਾਰੇ ਜਾਗਰੂਕਤਾ ਅਤੇ ਬਾਲ ਵਿਆਹ ਦੀਆਂ ਕੁਰੀਤੀਆਂ ਬਾਰੇ ਚਰਚਾ ਕੀਤੀ ਗਈ | ਮੀਟਿੰਗ ਵਿਚ ਭਾਗ ਲੈਣ ਵਾਲੇ ਮਾਪਿਆਂ ਲਈ ਬੈਠਣ ਦਾ ਖ਼ਾਸ ਪ੍ਰਬੰਧ ਅਤੇ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ | ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਵੱਖ-ਵੱਖ ਵਿਸ਼ੇ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਸਕੂਲ ਪਿ੍ੰਸੀਪਲ ਸ੍ਰੀਮਤੀ ਸਵਿਤਾ ਰਾਣੀ ਨੇ ਵਿਦਿਆਰਥਣਾਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕਰਦਿਆਂ ਸਕੂਲ ਵਿਕਾਸ ਵਿਚ ਉਨ੍ਹਾਂ ਦੀ ਭਾਗੀਦਾਰੀ ਅਤੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਲਈ ਵਧਾਈ ਦਿੱਤੀ | ਉਨ੍ਹਾਂ 6ਵੀਂ ਤੋਂ ਅੱਠਵੀਂ ਕਲਾਸਾਂ ਤੱਕ ਦੇ ਬੱਚਿਆਂ ਲਈ ਚੱਲ ਰਹੀਆਂ ਸਕੀਮਾਂ ਮਿਸ਼ਨ ਸਮਰੱਥ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਕੀਮ ਅਧੀਨ ਸੰਸਥਾ ਦੁਆਰਾ 100 ਫ਼ੀਸਦੀ ਟਾਰਗੇਟ ਪੂਰਾ ਕੀਤਾ ਗਿਆ | ਇਸ ਸਮੇਂ ਨਾਨ-ਬੋਰਡ ਕਲਾਸਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਕਲਾਸਾਂ ਦਾ ਨਤੀਜਾ 100 ਫ਼ੀਸਦੀ ਪਾਸ ਦਾ ਐਲਾਨਿਆ ਗਿਆ | ਮੀਟਿੰਗ ਵਿਚ ਭਾਗੀਦਾਰੀ ਵਾਲੇ ਬੱਚਿਆਂ ਨੂੰ ਦੋ-ਦੋ ਰਜਿਸਟਰ, ਕਾਪੀਆਂ, ਵੰਡੀਆਂ ਗਈਆਂ | ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਕਲਾਸ ਸੱਤਵੀਂ ਦੀ ਵਿਦਿਆਰਥਣ ਈਸ਼ਾ ਸ਼ਰਮਾ, ਨੌਵੀ-ਬੀ ਦੀਆਂ ਵਿਦਿਆਰਥਣਾਂ ਜਸਵਿੰਦਰ ਕੌਰ ਤੇ ਜੈਸਮੀਨ ਕੌਰ ਆਦਿ ਵਿਦਿਆਰਥਣਾਂ ਦੀ ਹਾਜ਼ਰੀ 100 ਫ਼ੀਸਦੀ ਹੋਣ ਬਾਰੇ ਵੀ ਮੀਟਿੰਗ ਵਿਚ ਜਾਣਕਾਰੀ ਸਾਝੀ ਕੀਤੀ ਗਈ | ਇਸ ਸਮੇਂ ਮਾਈ ਭਾਗੋ ਹਾਊਸ ਦੀ ਪੂਰੀ ਟੀਮ ਵਲੋਂ ਮੈਗਾ ਪੀ.ਟੀ.ਐਮ. ਵਿਚ ਪੂਰਨ ਸਹਿਯੋਗ ਕੀਤਾ ਗਿਆ | ਇਸ ਮੈਗਾ ਪੀ.ਟੀ.ਐਮ ਅਤੇ ਵਰਕਸ਼ਾਪ ਦਾ ਸਾਰਾ ਪ੍ਰਬੰਧ ਬਾਕੀ ਸਟਾਫ਼ ਦੇ ਸਹਿਯੋਗ ਨਾਲ ਮਾਈ ਭਾਗੋ ਹਾਊਸ ਟੀਮ ਦੇ ਇੰਚਾਰਜ ਜਸਪ੍ਰੀਤ ਕੌਰ, ਵੀਰਪਾਲ ਕੌਰ, ਗੁਰਪ੍ਰੀਤ ਕੌਰ ਅਤੇ ਇਨ੍ਹਾਂ ਦੀ ਪੂਰੀ ਟੀਮ ਵਲੋਂ ਕੀਤਾ ਗਿਆ | ਇਸ ਦੌਰਾਨ ਸਕੂਲ ਵਿਚ ਮਿਲ ਰਹੀਆਂ ਸਹੂਲਤਾਂ ਜਿਵੇਂ ਮਿਡ-ਡੇ-ਮੀਲ, ਮੁਫ਼ਤ ਕਿਤਾਬਾਂ, ਵਰਦੀਆਂ, ਮੁਫ਼ਤ ਇੰਟਰ ਸਟੇਟ ਟੂਰ, ਮੁਫ਼ਤ ਸਟੇਸ਼ਨਰੀ, ਯੋਗਾ ਸਿਖਲਾਈ, ਸੰਗੀਤ ਤੇ ਡਾਂਸ ਸਿਖਲਾਈ ਆਦਿ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਦੱਸਿਆ ਗਿਆ |