ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਾਇਰੈਕਟਰ, ਡਾਇਰੈਕਟੋਰੇਟ ਆਫ਼ ਓਪਰੇਸ਼ਨਜ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਬਠਿੰਡਾ ਵਿਚ ਜਨਗਣਨਾ-2027 ਦੇ ਕੰਮਾਂ ਨੂੰ ਸੰਚਾਰੂ ਅਤੇ ਤਕਨੀਕੀ ਢੰਗ ਨਾਲ ਮੁਕੰਮਲ ਕਰਨ ਲਈ ਵਿਸ਼ੇਸ ਸਿਖਲਾਈ ਅੱਜ ਸ਼ੁਰੂ ਕੀਤੀ ਗਈ | ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੇਂਸਸ ਅਫ਼ਸਰ, ਬਠਿੰਡਾ ਦੀ ਅਗਵਾਈ ਹੇਠ ਮਾਸਟਰ ਟਰੇਨਰਾਂ ਮੁਕੇਸ਼ ਕੁਮਾਰ ਬਾਂਸਲ ਅਤੇ ਹਰਜੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਵਲੋਂ ਫ਼ੀਲਡ ਟਰੇਨਰਾਂ ਨੂੰ ਵਿਸ਼ੇਸ਼ ਸਿਖਲਾਈ ਪਹਿਲੇ ਪੜ੍ਹਾਅ ਤਹਿਤ ਦਿੱਤੀ ਜਾ ਰਹੀ ਹੈ | ਇਹ ਸਿਖਲਾਈ 4 ਅਪ੍ਰੈਲ ਨੂੰ ਵੀ ਦਿੱਤੀ ਜਾਵੇਗੀ ਅਤੇ ਦੂਜੇ ਪੜ੍ਹਾਅ ਤਹਿਤ 6, 7 ਅਤੇ 9 ਅਪ੍ਰੈਲ 2026 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦੇ ਮੀਟਿੰਗ ਹਾਲ ਵਿਖੇ ਕੀਤੀ ਜਾਵੇਗੀ | ਮਾਸਟਰ ਟਰੇਨਰਾਂ ਵਲੋਂ ਜਨਗਣਨਾ-2027 ਦੇ ਪਹਿਲੇ ਪੜਾਅ ਵਿਚ ਹੋਣ ਵਾਲੇ ਕਾਰਜ 'ਹਾਊਸਿੰਗ ਜਨਗਣਨਾ ਅਤੇ ਹਾਊਸ ਲਿਸਟਿੰਗ' ਹੇਠ ਹੋਣ ਵਾਲੇ ਵੱਖ-ਵੱਖ ਕਾਰਜਾਂ ਸਬੰਧੀ ਨਿਯੁਕਤ ਕੀਤੇ ਫੀਲਡ ਟਰੇਨਰ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਇਸ ਪੜਾਅ ਵਿਚ ਗਿਣਤੀਕਾਰਾਂ ਵੱਲੋਂ ਘਰਾਂ ਦਾ ਦੌਰਾ ਕਰਕੇ ਲੋਂੜੀਦਾ ਡਾਟਾ ਆਨਲਾਈਨ ਮੋਬਾਇਲ ਐੱਪ ਜਾਂ ਪੋਰਟਲ ਰਾਹੀਂ ਭਰਿਆ ਜਾਵੇ | ਇਸ ਟਰੇਨਿੰਗ ਵਿਚ ਭਾਗ ਲੈ ਰਹੇ ਫੀਲਡ ਟਰੇਨਰਾਂ ਵਲੋਂ ਚਾਰਜ ਲੈਵਲ 'ਤੇ 20 ਅਪ੍ਰੈਲ ਤੋਂ 6 ਮਈ, 2026 ਤੱਕ ਨਿਯੁਕਤ ਕੀਤੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ | ਇਸ ਮੌਕੇ ਡਾਇਰੈਕਟਰ ਆਫ਼ ਸੈਂਸਜ਼ ਓਪਰੇਸ਼ਨਜ਼ ਪੰਜਾਬ, ਚੰਡੀਗੜ੍ਹ ਤੋਂ ਆਏ ਨੁਮਾਇੰਦਿਆਂ ਗੁਲਸ਼ਨ ਕਸ਼ਯਪ ਵਲੋਂ ਜਨਗਣਨਾ-2027 ਸਬੰਧੀ ਵੱਖ ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਜਾਣਕਾਰੀ ਨੂੰ ਭਰਨ ਲਈ ਭਾਰਤ ਸਰਕਾਰ ਵਲੋਂ ਲਾਂਚ ਕੀਤਾ se.census.gov.in ਨਾਮ ਦੇ ਆਨਲਾਇਨ ਪੋਰਟਲ 30 ਅਪ੍ਰੈਲ ਤੋਂ 14 ਮਈ 2026 ਤੱਕ ਖੋਲਿ੍ਹਆ ਜਾਵੇਗਾ | ਇਸ ਰਾਂਹੀ ਹਰ ਵਿਅਕਤੀ ਆਪਣੇ ਘਰ ਦੀ ਤੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਆਪਣੇ ਪੱਧਰ 'ਤੇ ਵੀ ਭਰ ਸਕਦਾ ਹੈ |