ਸਵ: ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ
ਸਵ: ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੂੰ ਇਨਸਾਫ਼ ਦਵਾਉਣ ਲਈ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ (ਮੌੜ) ਵਿਖੇ ਹੋਈ ਮੀਟਿੰਗ ਦਾ ਇਕੱਠ | ਅਜੀਤ ਤਸਵੀਰ
<br/>
03-04-2026
ਮੌੜ ਮੰਡੀ, 2 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਨੇਤਾ ਸਵ: ਸੁਖਰਾਜ ਸਿੰਘ ਨੱਤ ਦੇ ਸਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਵਲੋਂ ਬੀਤੇ ਦਿਨੀਂ ਮੋਹਾਲੀ ਦੇ ਇਕ ਬਿਲਡਰ ਖਿਲਾਫ਼ ਪੈਸੇ ਮੁਕਰਨ ਦਾ ਦੋਸ਼ ਲਗਾਉਂਦਿਆਂ ਆਤਮ ਹੱਤਿਆ ਕਰ ਲਈ ਸੀ | ਇਸ ਮਾਮਲੇ ਵਿਚ ਪੁਲਿਸ ਵਲੋਂ ਵਰਤੀ ਜਾ ਰਹੀ ਢਿੱਲ ਦੇ ਰੋਸ ਵਜੋਂ ਹਲਕਾ ਮੌੜ ਅੰਦਰ ਸੁਖਰਾਜ ਸਿੰਘ ਨੱਤ ਦੇ ਕਰੀਬੀ ਵਰਕਰਾਂ ਅਤੇ ਬਾਰ ਐਸ਼ੋਸ਼ੀਏਸ਼ਨ ਬਠਿੰਡਾ, ਤਲਵੰਡੀ ਸਾਬੋ ਅਤੇ ਰਾਮਪੁਰਾ ਦੇ ਵਕੀਲ ਭਾਈਚਾਰੇ ਦਾ ਇਕ ਵੱਡਾ ਇਕੱਠ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਵਿਖੇ ਹੋਇਆ | ਇਸ ਇਕੱਠ ਵਿਚ ਵਿਚ ਇਹ ਤੈਅ ਹੋਇਆ ਕਿ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੂੰ ਇਨਸਾਫ਼ ਦਵਾਉਣ ਲਈ ਇਕ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ | ਇਸ ਕਮੇਟੀ ਵਿਚ ਮਿ੍ਤਕ ਦਵਿੰਦਰਪਾਲ ਸਿੰਘ ਨੱਤ ਦੇ ਕਰੀਬੀ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਚਾਰ ਵਕੀਲਾਂ ਨੂੰ ਸ਼ਾਮਲ ਕੀਤਾ ਗਿਆ ਹੈ | ਇਸ ਕਮੇਟੀ ਵਿਚ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਬਠਿੰਡਾ, ਐਡਵੋਕੇਟ ਗੁਲਸ਼ਨਦੀਪ ਸਿੰਘ ਭਾਈਕਾ ਵਾਇਸ ਪ੍ਰਧਾਨ, ਐਡਵੋਕਟ ਜਗਦੀਪ ਸਿੰਘ ਜੀਦਾ ਜਨ: ਸਕੱਤਰ, ਐਡਵੋਕੇਟ ਅਵਤਾਰ ਸਿੰਘ ਬੁਰਜ ਸੇਮਾਂ ਤੋਂ ਇਲਾਵਾ ਗੁਰਮੀਤ ਸਿੰਘ ਜੋਗਾ, ਨਾਇਬ ਸਿੰਘ ਨੱਤ, ਬੂਟਾ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਪਰਮਿੰਦਰ ਕੌਰ (ਮਾਤਾ ਜੀ), ਕਰਮਜੀਤ ਕੌਰ, ਰਮਨਦੀਪ ਸਿੰਘ ਅਤੇ ਮਨਦੀਪ ਸਿੰਘ ਮਾਈਸਰਖਾਨਾ ਨੂੰ ਲਿਆ ਗਿਆ ਹੈ | ਇਸ ਸੰਘਰਸ਼ ਕਮੇਟੀ ਨੇ ਮੀਟਿੰਗ ਕਰਕੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਐਡਵੋਕਟ ਦਵਿੰਦਰਪਾਲ ਸਿੰਘ ਨੱਤ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਬਿਲਡਰਾਂ ਨੂੰ ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਵੇ | ਕਮੇਟੀ ਨੇ ਪ੍ਰਸ਼ਾਸ਼ਨ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜਿੰਨ੍ਹਾਂ ਚਿਰ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀ ਹੁੰਦੀ ਉਨ੍ਹਾਂ ਚਿਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਦਾ ਅੰਤਿਮ ਸੰਸਕਾਰ ਨਹੀ ਕੀਤਾ ਜਾਵੇਗਾ ਅਤੇ ਜੇਕਰ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੋਈ ਢਿੱਲ ਵਰਤੀ ਗਈ ਤਾਂ ਵੱਡੇ ਸੰਘਰਸ਼ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ | ਬਠਿੰਡਾ ਪੁਲਿਸ ਦੇ ਡੀ ਐਸ ਪੀ ਹਰਵਿੰਦਰ ਸਿੰਘ ਸਰਾਂ ਅਤੇ ਡੀ ਐਸ ਪੀ ਅੰਮਿ੍ਤਪਾਲ ਸਿੰਘ ਵਲੋਂ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਇਹ ਵਿਸ਼ਵਾਸ਼ ਦਿਵਾਇਆ ਕਿ ਦੋਸ਼ੀਆਂ ਨੰੂੰ ਜਲਦੀ ਫੜ੍ਹ ਲਿਆ ਜਾਵੇਗਾ | ਇਸ ਮੌਕੇ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਤਲਵੰਡੀ ਸਾਬੋ, ਐਡਵੋਕੇਟ ਸ਼ਿਵਕਰਨ ਸਿੰਘ ਮਾਨ, ਐਡਵੋਕੇਟ ਹੁਸ਼ਨਿੰਦਰਪਾਲ ਸਿੰਘ ਬੇਗਾ, ਐਡਵੋਕੇਟ ਜਗਤੇਸ਼ਵਰ ਸਿੰਘ ਮਾਹਲ, ਐਡਵੋਕੇਟ ਮਨਪ੍ਰੀਤ ਸਿੰਘ ਮਾਨ, ਐਡਵੋਕੇਟ ਅੰਮਿ੍ਤ ਕੌਰ ਗਿੱਲ, ਐਡਵੋਕੇਟ ਬਲਦੀਪ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਮੌੜ, ਸੁਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਮਨਦੀਪ ਸਿੰਘ ਸਿੱਧੂ ਜਨਰਲ ਸਕੱਤਰ ਅਕਾਲੀ ਦਲ ਵਾਇਸ ਪੰਜਾਬ ਦੇ, ਮਨਿੰਦਰ ਸਿੰਘ ਸੇਖੋਂ, ਸਿਮਰਤ ਕੌਰ ਧਾਲੀਵਾਲ ਤੋਂ ਇਲਾਵਾ ਹੋਰ ਰਾਜਨੀਤਕ ਅਤੇ ਸਮਾਜਿਕ ਸੰਸਥਾਵਾ ਦੇ ਆਗੂ ਵੀ ਹਾਜ਼ਰ ਸਨ |