ਤਲਵੰਡੀ ਸਾਬੋ, 2 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਮੀਡੀਆ ਪਲਾਨਿੰਗ ਵਲੋਂ ਇੰਟਰ-ਫੈਕਲਟੀ ਸੁਆਲ-ਜੁਆਬ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਐਸ.ਡੀ.ਐਮ. ਤਲਵੰਡੀ ਸਾਬੋ ਰਾਜੇਸ਼ ਸ਼ਰਮਾ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਦ ਕਿ ਉੱਪ ਕੁਲਪਤੀ ਪ੍ਰੋ. (ਡਾ.) ਜਗਤਾਰ ਧੀਮਾਨ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਐਕਸਟੈਨਸ਼ਨ ਡਾ. ਜਗਦੀਸ ਗਰੋਵਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਐਸ.ਡੀ.ਐੱਮ ਤਲਵੰਡੀ ਸਾਬੋ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਤੀਯੋਗਤਾ ਦੇ ਇਸ ਯੁੱਗ ਵਿਚ ਆਲੇ-ਦੁਆਲੇ ਅਤੇ ਚਲੰਤ ਮਾਮਲਿਆਂ ਸੰਬੰਧੀ ਵਿਦਿਆਰਥੀਆਂ ਦਾ ਜਾਣੂ ਹੋਣਾ ਜ਼ਰੂਰੀ ਹੈ | ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਪ੍ਰੇਰਿਤ ਕੀਤਾ | ਉੱਪ ਕੁਲਪਤੀ ਡਾ. ਧੀਮਾਨ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ 'ਚ ਸਹਾਈ ਹੁੰਦੇ ਹਨ ਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ | ਕੁਇਜ਼ ਮੁਕਾਬਲੇ ਦੇ ਨਤੀਜਿਆਂ ਬਾਰੇ ਡਾਇਰੈਕਟਰ ਮੀਡੀਆ ਪਲਾਨਿੰਗ ਰਾਜੀਵ ਅਰੋੜਾ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਲਿਖਤ ਮੁਕਾਬਲੇ ਵਿਚ ਵਰਸਿਟੀ ਦੇ 13 ਵਿਭਾਗਾਂ ਦੇ 28 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚ 10 ਵਿਦਿਆਰਥੀ ਦੂਜੇ ਪੜਾਅ ਲਈ ਚੁਣੇ ਗਏ | 5 ਟੀਮਾਂ ਦੇ ਸਖ਼ਤ ਮੁਕਾਬਲੇ ਵਿਚ ਡਿਪਾਰਟਮੈਂਟ ਆਫ਼ ਆਰਟਸ ਐਂਡ ਹਿਉਮੈਨਟੀਜ਼ ਦੇ ਵਿਦਿਆਰਥੀਆਂ ਸੰਦੀਪ ਕੌਰ ਅਤੇ ਅਸ਼ਵਨੀ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ | ਜਦੋਂਕਿ ਡਿਪਾਰਟਮੈਂਟ ਆਫ਼ ਸਾਇੰਸਜ਼ ਦੇ ਵਿਦਿਆਰਥੀ ਸਾਹਿਲ ਸ਼ੁਕਲਾ ਅਤੇ ਹਰਸ਼ਰਨ ਦੀ ਟੀਮ ਨੇ ਰਨਰ-ਅੱਪ ਟਰਾਫ਼ੀ ਜਿੱਤੀ | ਆਯੋਜਕਾਂ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਅਤੇ ਜੇਤੂਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸਚਦੇਵਾ ਅਤੇ ਟਾਈਮ ਕੀਪਰ ਦੀ ਜ਼ਿੰਮੇਵਾਰੀ ਪਰਮਜੀਤ ਕੌਰ ਨੇ ਨਿਭਾਈ | ਮਨਪ੍ਰੀਤ ਕੌਰ ਦਾ ਸਮੂਹ ਪ੍ਰਬੰਧਨ ਸ਼ਲਾਘਾਯੋਗ ਰਿਹਾ |