ਗੋਨਿਆਣਾ, 3 ਅਪ੍ਰੈਲ (ਲਛਮਣ ਦਾਸ ਗਰਗ)-ਸਥਾਨਕ ਸ਼ਹਿਰ ਦੇ ਇਕ ਸ਼ੈਲਰ ਮਾਲਕ ਨੂੰ ਆਪਣੇ ਕਾਰੋਬਾਰ ਵਿਚ ਘਾਟਾ ਪੈਣ ਕਰਕੇ, ਉਸ ਤੋਂ ਬੈਂਕ ਦੀਆਂ ਕਿਸ਼ਤਾਂ ਨਹੀਂ ਉਤਾਰੀਆਂ ਗਈਆਂ ਅਤੇ ਆੜ੍ਹਤੀਆਂ ਦਾ ਕਰਜ਼ਾ ਵੀ ਨਹੀਂ ਮੋੜਿਆ ਸਕਿਆ | ਜਿਸ ਕਾਰਨ ਉਸ ਦਾ ਸ਼ੈਲਰ ਨਿਲਾਮ ਹੋ ਗਿਆ | ਇਸ ਰੋਸ ਵਜੋਂ ਅੱਜ ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਦੇ ਆੜ੍ਹਤੀਆਂ ਨੇ ਅਤੇ ਗਣਪਤੀ ਰਾਈਸ ਮਿਲ ਦੇ ਮਾਲਕ ਵਲੋਂ ਸਾਂਝੇ ਤੌਰ 'ਤੇ ਪਿੰਡ ਨੇਹੀਆਂ ਵਾਲਾ-ਗਿੱਲਪੱਤੀ ਸੰਪਰਕ ਸੜਕ 'ਤੇ ਸ਼ੈਲਰ ਦੇ ਬਾਹਰ ਧਰਨਾ ਲਗਾ ਕੇ ਬੈਂਕ ਅਤੇ ਸ਼ੈਲਰ ਖ਼ਰੀਦਣ ਵਾਲੀ ਫਰਮ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਗਣਪਤੀ ਰਾਈਸ ਮਿਲ ਦੇ ਮਾਲਿਕ ਨੇ ਦੱਸਿਆ ਕਿ ਮੈਂ ਆਪਣੇ ਕਾਰੋਬਾਰ ਲਈ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੌਰਾਨ ਮੈਨੂੰ ਕਾਰੋਬਾਰ ਵਿੱਚ ਘਾਟਾ ਪੈਣ ਕਰਨ ਮੈਂ ਬੈਂਕ ਦੀਆਂ ਕਿਸ਼ਤਾਂ ਮੋੜ ਨਹੀਂ ਸਕਿਆ, ਜਿਸ ਕਾਰਨ ਬੈਂਕ ਦੇ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਗਿਆ ਕਿ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਅਸੀਂ ਆਪ ਨਾਲ ਸੈਟਲਮੈਂਟ ਕਰਕੇ ਤੁਹਾਡੇ ਬਣਦੇ ਰੁਪਏ ਵਾਪਸ ਕਰ ਦੇਵਾਂਗਾ, ਇਸ ਵਪਾਰੀ ਦੀ ਬੈਂਕ ਅਧਿਕਾਰੀਆਂ ਨੇ ਇੱਕ ਨਹੀਂ ਸੁਣੀ ਤਾਂ ਉਨ੍ਹਾਂ ਨੇ ਬੀਤੇ ਕੁਝ ਦਿਨ ਪਹਿਲਾਂ ਸ਼ੈਲਰ ਦੀ ਓਪਨ ਬੋਲੀ ਲਗਾ ਦਿੱਤੀ, ਜਿਸ ਵਿੱਚ ਕਈ ਵਿਅਕਤੀਆਂ ਨੇ ਹਿੱਸਾ ਲਿਆ ਤੇ ਇਸ ਦੀ ਬੋਲੀ ਪੰਜ ਕਰੋੜ ਰੁਪਏ ਤੋਂ ਉੱਪਰ ਲੱਗ ਗਈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਡੇ ਸ਼ੈਲਰ ਦੀ ਜ਼ਮੀਨ ਦਾ ਕੇਸ ਵੀ ਅਦਾਲਤ ਵਿਚ ਚੱਲ ਰਿਹਾ ਸੀ, ਪਰ ਅਧਿਕਾਰੀਆਂ ਨੇ ਇਸ ਦੀ ਪਰਵਾਹ ਨਾ ਕਰਦਿਆਂ ਹੀ ਨੇ ਬੈਂਕ ਸ਼ੈਲਰ ਨੂੰ ਨਿਲਾਮ ਕਰਕੇ ਇਸ ਨੂੰ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ | ਇਸ ਸਬੰਧੀ ਰਜਨੀਸ਼ ਕੁਮਾਰ ਰਾਜੂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਨੇ ਮੰਗ ਕਰਦਿਆਂ ਕਿਹਾ ਕਿ ਬੈਂਕ ਆਪਣੇ ਫ਼ੈਸਲੇ ਨੂੰ ਬਦਲ ਕੇ ਇਹ ਫੈਸਲਾ ਸਾਡੇ ਹੱਕ ਵਿਚ ਕਰੇ, ਅਸੀਂ ਬਣਦੇ ਪੈਸੇ ਦੇਣ ਨੂੰ ਤਿਆਰ ਹਾਂ ਤੇ ਬੈਂਕ ਇਹ ਸ਼ੈਲਰ ਸਾਨੂੰ ਦੇ ਦੇਵੇ ਕਿਉਂਕਿ ਵੱਡੀ ਗਿਣਤੀ ਵਿਚ ਆੜ੍ਹਤੀਆਂ ਨੇ ਵੀ ਸ਼ੈਲਰ ਮਾਲਕ ਤੋਂ ਪੈਸੇ ਲੈਣੇ ਹਨ ਜਿਸ ਕਾਰਨ ਸਾਡੀ ਵੀ ਪੈਸਿਆਂ ਦੀ ਵਾਪਸੀ ਹੋ ਜਾਵੇਗੀ | ਉਨ੍ਹਾਂ ਨੇ ਅੱਜ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ ਤੇ ਕਿਹਾ ਕਿ ਜੇਕਰ ਬੈਂਕ ਅਤੇ ਸ਼ੈਲਰ ਖ਼ਰੀਦਦਾਰ ਨਵੇਂ ਮਾਲਕ ਨੇ ਸਾਡੀ ਇਕ ਨਾ ਸੁਣੀ ਤਾਂ ਅਸੀਂ ਆਪਣੇ ਸੰਘਰਸ਼ ਨੂੰ ਤਿੱਖਾ ਕਰਾਂਗੇ | ਇਸ ਸੰਘਰਸ਼ ਵਿਚ ਅਸੀਂ ਕਿਸਾਨ, ਮਜ਼ਦੂਰ, ਵਪਾਰੀ ਅਤੇ ਹੋਰ ਜਥੇਬੰਦੀਆਂ ਦਾ ਵੀ ਸਹਿਯੋਗ ਲਵਾਂਗੇ | ਇਸ ਸਬੰਧੀ ਨਵੇਂ ਖ਼ਰੀਦਦਾਰ ਨੇ ਕਿਹਾ ਕਿ ਅਸੀਂ ਨਿਯਮਾਂ ਅਨੁਸਾਰ ਹੀ ਸ਼ੈਲਰ ਖ਼ਰੀਦਿਆ ਹੈ ਓਪਨ ਬੋਲੀ ਹੋਈ ਹੈ, ਇਸ ਲਈ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ, ਸ਼ਹਿਰ ਦੇ ਜੋ ਵੀ ਆੜ੍ਹਤੀਏ ਜਾਂ ਸ਼ਹਿਰ ਵਾਸੀ ਹਨ ਉਹ ਸਾਡੇ ਆਪਣੇ ਹੀ ਹਨ | ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉੱਚ ਅਧਿਕਾਰੀ ਨਾਲ ਗੱਲ ਕਰੋ ਪਰ ਜਦੋਂ ਉੱਚ ਅਧਿਕਾਰੀ ਦਾ ਪੱਖ ਜਾਣਨਾ ਚਾਹਿਆ ਉਨ੍ਹਾਂ ਫੋਨ ਨਹੀ ਚੁੱਕਿਆ |