ਰਾਮਪੁਰਾ ਫੂਲ, 3 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਪਿੰਡ ਰਾਮਪੁਰਾ ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਦੀ ਅਗਵਾਈ ਹੇਠ ਵਰਕਰਾਂ ਅਤੇ ਆਗੂਆਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਵਿਚ ਭਾਜਪਾ ਦੇ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਗਦੀਪ ਸਿੰਘ ਨਕੱਈ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਚੰਡੀਗੜ੍ਹ ਸਥਿਤ ਭਾਜਪਾ ਦੇ ਦਫ਼ਤਰ 'ਤੇ ਹਮਲੇ ਲਈ ਅੰਦਾਜ਼ਨ ਹੈਂਡ ਗ੍ਰਨੇਡ ਐਚ.ਈ. 36 ਕਿਸਮ ਵਰਗਾ ਧਮਾਕੇਖੇਜ਼ ਯੰਤਰ ਵਰਤਿਆ ਗਿਆ ਹੈ, ਜਿਸ ਨਾਲ ਇਮਾਰਤ ਦੇ ਬਾਹਰੀ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ, ਜਦੋਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਜ਼ਰੂਰ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਵਿਚ ਧਮਾਕਿਆਂ ਅਤੇ ਗੈਂਗਸਟਰਾਂ ਦੀਆ ਗਤੀਵਿਧੀਆਂ ਦੇ ਮਾਮਲੇ ਵਧੇ ਹਨ | ਉਨ੍ਹਾਂ ਕਿ ਅੰਦਾਜ਼ੇ ਮੁਤਾਬਿਕ ਸਾਲ 2025-26 ਵਿਚ ਇਸ ਤਰ੍ਹਾਂ ਦੀਆਂ 10 ਤੋਂ ਵੱਧ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਨਾਲ ਕਾਨੂੰਨ-ਵਿਵਸਥਾ 'ਤੇ ਸਵਾਲ ਖੜੇ ਹੋ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਦਿਨੋ-ਦਿਨ ਕਾਨੂੰਨ ਵਿਵਸਥਾ ਖ਼ਤਮ ਹੋ ਰਹੀ ਹੈ ਅਤੇ ਸਮੁੱਚੇ ਸੂਬੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਰਕੇ ਕਾਰੋਬਾਰੀ ਵਰਗ ਖੁੱਲ੍ਹ ਕੇ ਕਾਰੋਬਾਰ ਕਰਨ ਤੋਂ ਡਰ ਰਿਹਾ ਹੈ ਅਤੇ ਆਮ ਲੋਕ ਵੀ ਘਰਾਂ ਤੋਂ ਬਾਹਰ ਨਿਕਲਣ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਵਿਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਦੁਬਾਰਾ ਮਜ਼ਬੂਤ ਕੀਤਾ ਜਾ ਸਕੇ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮੱਖਣ ਜਿੰਦਲ, ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਬਰਾੜ, ਭਾਰਤ ਭੂਸ਼ਨ ਜੈਨ, ਸੰਜੀਵ ਗਰਗ, ਜਗਸੀਰ ਸਿੰਘ ਬੁੱਗਰ, ਸੰਦੀਪ ਸਿੰਘ ਲਹਿੰਬਰ, ਗੱਗੀ ਰਾਮਪੁਰਾ, ਕਾਕਾ ਸਰਪੰਚ ਠੂਠਿਆਂਵਾਲੀ, ਗੁਰਪ੍ਰੀਤ ਸਿੰਘ ਕੌੜਾ, ਸੁਖਦੀਪ ਸਿੰਘ ਸੀਪਾ ਸਮੇਤ ਕਈ ਹੋਰ ਵਰਕਰ ਹਾਜ਼ਰ ਰਹੇ |