ਬਠਿੰਡਾ, 6 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਭਖਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਝੰਡੇ ਹੇਠਾਂ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਸਾਹਮਣੇ ਧਰਨਾ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਤੋਂ ਮੰਗ-ਪੱਤਰ ਲੈਣ ਨਹੀਂ ਪੁੱਜਿਆ ਤਾਂ ਰੋਹ 'ਚ ਆਏ ਕਿਸਾਨਾਂ ਵਲੋਂ ਬੱਸ ਅੱਡੇ ਮੂਹਰੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ਗਿਆ | ਚੱਕਾ ਜਾਮ ਦੇ ਬਾਅਦ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ 'ਤੇ ਏ.ਡੀ.ਸੀ. ਨੇ ਪੱੁਜ ਕੇ ਮੰਗ ਪੱਤਰ ਹਾਸਲ ਕੀਤਾ, ਜਿਸ ਬਾਅਦ ਕਿਸਾਨਾਂ ਨੇ ਜਾਮ ਖੋਲਿ੍ਹਆ ਤੇ ਆਵਾਜਾਈ ਬਹਾਲ ਹੋ ਸਕੀ | ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਭਕਿਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਭਾਕਿਯੂ ਡਕੌਂਦਾ ਦੇ ਸੂਬਾ ਉੱਪ-ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਉੱਪ-ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਅਤੇ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਕੋਲ ਉਠਾਉਣ 'ਚ ਬੁਰੀ ਤਰ੍ਹਾਂ ਅਸਫਲ ਹੋਈ ਹੈ ਅਤੇ ਅਜੇ ਤੱਕ ਬੀਤੇ ਦਿਨੀਂ ਮੀਂਹ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਅਤੇ ਨੁਕਸਾਨੇ ਘਰਾਂ ਦੀ ਗਿਰਦਾਵਰੀ ਵੀ ਸ਼ੁਰੂ ਨਹੀਂ ਕਰਵਾਈ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਤੁਰੰਤ ਗਿਰਦਾਵਰੀ ਕਰਵਾ ਕੇ 60 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਨੂੰ ਦਿੱਤਾ ਜਾਵੇ, ਮੁਆਵਜ਼ੇ ਲਈ 5 ਏਕੜ ਦੀ ਸ਼ਰਤ ਹਟਾਈ ਜਾਵੇ ਤੇ ਪੀੜਤ ਕਿਸਾਨਾਂ ਦਾ 1 ਸਾਲ ਲਈ ਕਰਜ਼ੇ ਦਾ ਵਿਆਜ ਮੁਆਫ਼ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਸਿਰ ਚੜਿਆ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ, ਰਿਪੇਰੀਅਨ ਸਿਧਾਂਤ ਅਨੁਸਾਰ ਪਾਣੀ ਦੀ ਮੁੜ ਵੰਡ ਕੀਤੀ ਜਾਵੇ, ਪਾਣੀ ਪ੍ਰਦੂਸ਼ਿਤ ਹੋਣ ਤੋਂ ਸਖ਼ਤੀ ਨਾਲ ਰੋਕਣ ਲਈ ਉਦਯੋਗਾਂ ਉੱਪਰ ਸ਼ਿਕੰਜਾ ਕਸਿਆ ਜਾਵੇ, ਪਾਣੀ ਡੂੰਘਾ ਜਾਣ ਤੋਂ ਬਚਾਉਣ ਲਈ ਫ਼ਸਲੀ ਵਿਭਿੰਨਤਾ ਲਿਆਂਦੀ ਜਾਵੇ, ਫ਼ਸਲਾਂ ਦਾ ਐਮ.ਐਸ.ਪੀ. ਖ਼ਰੀਦ ਗਰੰਟੀ ਕਾਨੂੰਨ ਬਣਾਇਆ ਜਾਵੇ, ਫ਼ਸਲ ਬੀਮਾ ਯੋਜਨਾ ਲਿਆਂਦੀ ਜਾਵੇ, ਅਮਰੀਕਾ-ਭਾਰਤ ਵਪਾਰ ਸਮਝੌਤਾ, ਬਿਜਲੀ ਬਿਲ ਤੇ ਬੀਜ ਬਿਲ ਵਿਰੁੱਧ ਪੰਜਾਬ ਵਿਧਾਨ ਸਭਾ 'ਚ ਮਤੇ ਪਾਸ ਕੀਤੇ ਜਾਣ, ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਔਰਤ ਆਗੂ ਹਰਿੰਦਰ ਕੌਰ ਬਿੰਦੂ, ਹਰਵਿੰਦਰ ਸਿੰਘ ਕੋਟਲੀ, ਜਸਵੀਰ ਸਿੰਘ ਆਕਲੀਆ, ਹਰਜਿੰਦਰ ਸਿੰਘ ਬੱਗੀ, ਰਾਜ ਮਹਿੰਦਰ ਸਿੰਘ ਕੋਟਭਾਰਾ, ਅਮਰਜੀਤ ਸਿੰਘ ਹਨੀ, ਬੂਟਾ ਸਿੰਘ ਤੁੰਗਵਾਲੀ, ਦਰਸ਼ਨ ਸਿੰਘ ਫੁੱਲੋ ਮਿੱਠੀ, ਮਿੱਠੂ ਸਿੰਘ ਘੁੱਦਾ, ਜਗਸੀਰ ਸਿੰਘ ਝੁੰਬਾ, ਮਾਸਟਰ ਨਛੱਤਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਗਰਜ਼ੇ ਕਿਸਾਨ <br/>
ਅਜੀਤ ਡੈਸਕ
07-04-2026