ਬਠਿੰਡਾ, 6 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਹਾਜੀਰਤਨ ਚੌਕ ਵਿਚ ਬਿਜਲਈ ਉਪਕਰਨਾਂ ਦੀ ਇਕ ਦੁਕਾਨ 'ਚ ਚਾਰ ਮਜ਼ਦੂਰ ਇਕ ਲਿਫ਼ਟ ਰਾਹੀਂ ਉੱਪਰੋਂ ਸਾਮਾਨ ਲੈ ਕੇ ਹੇਠਾਂ ਆ ਰਹੇ ਸਨ ਕਿ ਅਚਾਨਕ ਲਿਫ਼ਟ ਟੁੱਟ ਗਈ, ਜਿਸ ਕਾਰਨ ਚਾਰੇ ਮਜ਼ਦੂਰ ਲਿਫ਼ਟ ਸਮੇਤ ਹੇਠਾਂ ਡਿੱਗ ਪਏ ਅਤੇ ਚਾਰੇ ਗੰਭੀਰ ਜ਼ਖਮੀ ਹੋ ਗਏ | ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਹਰਬੰਸ ਸਿੰਘ ਤੁਰੰਤ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ | ਚਾਰਾਂ ਜ਼ਖਮੀਆਂ ਨੂੰ ਲਿਫ਼ਟ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ | ਜ਼ਖਮੀ ਦੀਪਕ (24) ਵਾਸੀ ਡੱਬਵਾਲੀ, ਨਵਨੀਤ ਸਿੰਘ (35) ਵਾਸੀ ਪੂਜਾਂ ਵਾਲਾ ਮੁਹੱਲਾ, ਤਰਨਜੀਤ ਸਿੰਘ (35) ਵਾਸੀ ਬੀੜ ਤਲਾਬ, ਰੂਪ ਸਿੰਘ (37) ਵਾਸੀ ਅਮਰਪੁਰਾ ਬਸਤੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ | ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ |