ਵਿਸਾਖੀ ਮੇਲੇ ਲਈ ਡੀ. ਸੀ. ਨੇ ਕਰਮਚਾਰੀਆਂ ਨੂੰ ਸ਼ਰਧਾ ਨਾਲ ਕੰਮ ਕਰਨ ਲਈ ਕਿਹਾ, ਸਿਰਫ਼ ਡਿਊਟੀ ਨਾ ਸਮਝੋ <br/>
ਅਜੀਤ ਡੈਸਕ
08-04-2026
ਤਲਵੰਡੀ ਸਾਬੋ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸਾਖੀ ਮੇਲੇ ਲਈ ਸ਼ਰਧਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨੂੰ ਕੇਵਲ ਡਿਊਟੀ ਨਾ ਸਮਝਿਆ ਜਾਵੇ | ਡਿਪਟੀ ਕਮਿਸ਼ਨਰ ਨੇ ਅੱਜ ਐੱਸ. ਡੀ. ਐਮ. ਦਫ਼ਤਰ ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਨੂੰ ਪ੍ਰਸ਼ਾਸਨ ਅਤੇ ਸੁਰੱਖਿਆ ਲਈ 6 ਸੈਕਟਰਾਂ ਵਿਚ ਵੰਡਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਤੀਰਥ ਯਾਤਰੀਆਂ ਲਈ ਸੁਚੱਜੀ ਟਰੈਫ਼ਿਕ ਵਿਵਸਥਾ ਨਿਸ਼ਚਿਤ ਕਰਨ ਲਈ ਬਠਿੰਡਾ ਰੋਡ, ਲੇਲੇਵਾਲਾ ਰੋਡ, ਮੌੜ ਮੰਡੀ ਰੋਡ, ਸਰਦੂਲਗੜ੍ਹਰੋਡ ਅਤੇ ਰਾਮਾਂ ਮੰਡੀ ਰੋਡ 'ਤੇ ਅਸਥਾਈ ਬੱਸ ਅੱਡੇ ਬਣਾਏ ਗਏ ਹਨ | ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਮਹੱਤਵਪੂਰਨ ਸਥਾਨਾਂ 'ਤੇ ਫਸਟ ਏਡ ਪੋਸਟਾਂ, ਐਂਬੂਲੈਂਸਾਂ, ਮੈਡੀਕਲ ਕਿੱਟਾਂ, ਸਟਰੈਚਰਾਂ ਅਤੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਮੌਜੂਦ ਰੱਖੀਆਂ ਜਾਣ | ਨਗਰ ਕੌਂਸਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਸਫ਼ਾਈ ਵਿਵਸਥਾਵਾਂ ਨੂੰ ਪ੍ਰਭਾਵੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਪੀ.ਐੱਸ.ਪੀ.ਸੀ.ਐਲ. ਅਧਿਕਾਰੀਆਂ ਨੂੰ ਕੋਈ ਢਿੱਲੀ ਵਾਇਰਿੰਗ ਜਾਂ ਸਰਕਟ ਖੁੱਲ੍ਹਾ ਨਾ ਛੱਡਣ ਅਤੇ ਸਾਰੀ ਬਿਜਲੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵੈਸਾਖੀ ਮੇਲੇ 'ਤੇ ਆਉਣ ਵਾਲੇ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਇਸ ਤੋਂ ਇਲਾਵਾ ਮੀਟਿੰਗ ਵਿਚ ਫ਼ਾਇਰ ਟੈਂਡਰ, ਫੌਗਿੰਗ, ਸਵਾਗਤ ਗੇਟ ਲਗਾਉਣਾ, ਟਰੈਫਿਕ ਪ੍ਰਬੰਧਨ ਅਤੇ ਖੇਤਰ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ ਗਈ | ਇਸ ਮੌਕੇ ਐੱਸ ਡੀ ਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ, ਡੀ. ਐੱਸ. ਪੀ. ਗੁਰਮੀਤ ਸਿੰਘ, ਡੀ. ਐੱਸ. ਪੀ. ਜਗਦੀਸ਼ ਬਿਸ਼ਨੋਈ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ |