ਕੋਟਫੱਤਾ, 10 ਅਪੈ੍ਰਲ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਸ਼ਮੀਰ ਦੇ ਵਾਰਡ ਨੰਬਰ-10 ਦੀ ਆਬਾਦੀ ਵਿਚ ਲੱਗਣ ਵਾਲੇ 5 ਜੀ ਟਾਵਰ ਦੇ ਖ਼ਿਲਾਫ਼ ਸਥਾਨਕ ਵਸਨੀਕਾਂ ਵਲੋਂ ਇਕੱਠ ਹੋ ਕੇ ਤਿੱਖਾ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ, ਮੋਬਾਈਲ ਟਾਵਰ ਦਾ ਵਿਰੋਧ ਕਰ ਰਹੇ ਸਨ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਟਾਵਰ ਲਗਾਉਣ ਦੀ ਯੋਜਨਾ ਹੈ, ਉਹ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕਾ ਹੈ ਅਤੇ ਇਸ ਦੇ ਆਲੇ-ਦੁਆਲੇ ਘਣੀ ਆਬਾਦੀ ਵਸਦੀ ਹੈ | ਨੇੜਲੇ ਘਰਾਂ ਦੇ ਵਸਨੀਕਾਂ ਨੇ ਚਿੰਤਾ ਜਤਾਈ ਕਿ 5 ਜੀ ਟਾਵਰ ਤੋਂ ਨਿਕਲਣ ਵਾਲੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ, ਜਿਸਦਾ ਨੁਕਸਾਨ ਬੱਚਿਆਂ, ਬਜ਼ੁਰਗਾਂ ਅਤੇ ਪਸ਼ੂਆਂ ਤੱਕ ਪਹੁੰਚ ਸਕਦਾ ਹੈ | ਵਾਰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਟਾਵਰ ਦੇ ਕੰਮ ਲਈ ਜੇਸੀਬੀ ਮਸ਼ੀਨ ਨਿਸ਼ਚਿਤ ਥਾਂ 'ਤੇ ਪਹੁੰਚੀ, ਤਾਂ ਇਲਾਕੇ ਦੀਆਂ ਔਰਤਾਂ ਵਲੋਂ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਮਸ਼ੀਨ ਚਾਲਕਾਂ ਅਤੇ ਮਜ਼ਦੂਰਾਂ ਵਲੋਂ ਮਹਿਲਾਵਾਂ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਕੀਤੀ ਗਈ | ਨੇੜਲੇ ਘਰਾਂ ਦੇ ਵਸਨੀਕਾਂ ਨੇ ਉਕਤ ਪਰਿਵਾਰ ਵਲੋਂ ਆਪਣੇ ਘਰ 'ਚ ਲਗਾਏ ਕੈਮਰਿਆਂ ਰਾਹੀਂ ਉਨ੍ਹਾਂ ਦੇ ਘਰਾਂ ਦੀ ਪ੍ਰਾਈਵੇਸੀ ਦੇਖਣ ਦੇ ਵੀ ਇਲਜ਼ਾਮ ਲਗਾਏ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਸਨੀਕਾਂ ਵਲੋਂ ਬਠਿੰਡਾ ਦੀ ਏਡੀਸੀ ਮੈਡਮ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਟਾਵਰ ਲਗਾਉਣ ਦੀ ਮਨਜ਼ੂਰੀ ਤੁਰੰਤ ਰੱਦ ਕੀਤੀ ਜਾਵੇ ਅਤੇ ਇਸ ਸੰਬੰਧੀ ਪੂਰੀ ਜਾਂਚ ਕਰਕੇ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਜਦੋਂ ਸਾਰੇ ਮਾਮਲੇ ਸੰਬੰਧੀ ਮੋਬਾਈਲ ਟਾਵਰ ਲਗਵਾ ਰਹੇ ਪਰਿਵਾਰ ਦੇ ਨੌਜਵਾਨ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨੀ ਕਾਰਵਾਈ ਰਾਹੀਂ ਇਹ ਘਰ ਟਾਵਰ ਲੱਗਣ ਤੋਂ ਰੋਕ ਸਕਦੇ ਹਨ, ਲੇਕਿਨ ਸਾਡੇ ਰਸਤੇ 'ਚ ਆ ਕੇ ਮਸ਼ੀਨ ਨੂੰ ਰੋਕਣਾ ਗਲਤ ਸੀ, ਜਿਸ ਗੱਲ ਤੋਂ ਤੂੰ-ਤੂੰ, ਮੈਂ-ਮੈਂ ਜ਼ਰੂਰ ਹੋਈ ਹੈ | ਘਰ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਸੰਬੰਧੀ ਉਨ੍ਹਾਂ ਕਿਹਾ ਕਿ ਮੈਂ ਮਕੈਨਿਕਾਂ ਨੂੰ ਬੁਲਾਇਆ ਹੋਇਆ ਹੈ, ਕੈਮਰੇ ਠੀਕ ਕਰਵਾ ਦਿੱਤੇ ਜਾਣਗੇ | ਸਾਡੀ ਇਸ ਤਰ੍ਹਾਂ ਦੀ ਕੋਈ ਵੀ ਮਨਸ਼ਾ ਨਹੀਂ ਕਿ ਅਸੀਂ ਕਿਸੇ ਦੇ ਘਰ ਦੇ ਵਿਚ ਕੈਮਰਿਆਂ ਰਾਹੀਂ ਦੇਖੀਏ, ਇਹ ਵੀ ਸਾਡੇ ਆਪਣੇ ਹੀ ਪਰਿਵਾਰ ਹਨ |