ਤਲਵੰਡੀ ਸਾਬੋ, 14 ਅਪ੍ਰੈਲ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਖ਼ਾਲਸਾ ਸਾਜਨਾ ਦਿਵਸ ਮੌਕੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਧਨੌਲਾ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਖ਼ਾਲਸਾ ਪੰਥ ਨੂੰ ਇੱਕ ਝੰਡੇ ਥੱਲੇ ਇੱਕਜੁੱਟ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਉਨ੍ਹਾਂ ਚਿਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਸਕਦੀ |ਉਨ੍ਹਾਂ ਧਰਮ ਪਰਿਵਰਤਨ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਿੱਖ ਪਰਿਵਾਰਾਂ ਨੂੰ ਆਪਣੇ ਵਿਰਸੇ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਆ | ਸਿੰਘ ਸਾਹਿਬ ਦੇ ਕਿਹਾ ਕਿ ਲਗਾਤਾਰ ਬੇਅਦਬੀ ਦੀਆਂ ਵਧਦੀਆਂ ਜਾ ਰਹੀਆਂ ਹਨ ਜਿਸ ਪ੍ਰਤੀ ਸਾਨੂੰ ਸੁਚੇਤ ਹੋਣ ਪਵੇਗਾ | ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਗੁਰੁ ਦੀ ਆਣ-ਸ਼ਾਨ ਬਰਕਰਾਰ ਰੱਖਣ ਲਈ ਸਮਰੱਥ ਹੈ ਬੱਸ ਲੋੜ ਹੈ ਤਿਆਰ ਬਰ ਤਿਆਰ ਹੋ ਕਿ ਇੱਕ ਨਿਸ਼ਾਨ ਹੇਠ ਇਕੱਤਰ ਹੋਣ ਦੀ |ਉਨ੍ਹਾਂ ਕਿਹਾ ਕਿ ਏਜੰਸੀਆਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਤੇ ਜਿਨ੍ਹਾਂ ਚਿਰ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਇਨ੍ਹਾਂ ਠੱਲ੍ਹ ਨਹੀਂ ਪਵੇਗੀ |
ਤਖ਼ਤਾਂ 'ਤੇ ਕਬਜ਼ੇ ਕਰਨ ਦੇ ਹੋ ਰਹੇ ਯਤਨਾਂ ਨੂੰ ਰੋਕਣ ਲਈ ਇੱਕਜੁੱਟ ਹੋਵੇ ਸਿੱਖ ਕੌਮ-ਧਾਮੀ
ਖ਼ਾਲਸਾ ਸਾਜਨਾ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਾਹਰੀ ਤਾਕਤਾਂ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਉਨ੍ਹਾਂ 'ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ, ਜਿਸ ਦਾ ਮੁਕਾਬਲਾ ਸਿਰਫ਼ ਕੌਮੀ ਇੱਕਜੁੱਟਤਾ ਨਾਲ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਜੋ ਕੌਮਾਂ ਅਕਾਲ ਪੁਰਖ ਦੀ ਟੇਕ ਛੱਡ ਕੇ ਦੁਨਿਆਵੀ ਤਾਕਤਾਂ ਦੇ ਰਹਿਮੋ-ਕਰਮ 'ਤੇ ਜਿਊਾਦੀਆਂ ਹਨ, ਉਨ੍ਹਾਂ ਦੀ ਖੁਆਰੀ ਅਟੱਲ ਹੈ | ਉਨ੍ਹਾਂ ਹਰਿਆਣਾ ਕਮੇਟੀ ਦੀ ਮੌਜੂਦਾ ਸਥਿਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਤਿਆਗ ਕੇ ਸਰਕਾਰੀ ਦਖ਼ਲਅੰਦਾਜ਼ੀ ਕਬੂਲਣ ਦੇ ਨਤੀਜੇ ਅੱਜ ਸਭ ਦੇ ਸਾਹਮਣੇ ਹਨ | ਉਨ੍ਹਾਂ ਅਪੀਲ ਕੀਤੀ ਕਿ ਪੰਥ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਸਮੁੱਚੀ ਕੌਮ ਇੱਕਜੁੱਟ ਹੋਵੇ |ਅਖੀਰ ਐਡਵੋਕੇਟ ਧਾਮੀ ਨੇ ਸਮੁੱਚੀ ਕੌਮ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਵਲੋਂ ਬਖ਼ਸ਼ੀ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ |
ਖ਼ਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਨੇ ਕੌਮ ਦੇ ਨਾਮ ਸੰਦੇਸ਼ ਕੀਤਾ ਜਾਰੀ
ਅਜੀਤ ਡੈਸਕ
15-04-2026