ਤਿੰਨ ਦਿਨਾਂ ਤੋਂ ਸਾਹ ਲੈ-ਲੈ ਕੇ ਆ ਰਹੀ ਬਿਜਲੀ ਤੋਂ ਅੱਕੇ ਲੋਕਾਂ ਨੇ ਗਰਿੱਡ ਬਾਹਰ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
18-04-2026
ਬਾਲਿਆਂਵਾਲੀ, 17 ਮਾਰਚ (ਕੁਲਦੀਪ ਮਤਵਾਲਾ)-ਹਾਲੇ ਗਰਮੀ ਦੇ ਸੀਜਣ ਦੀ ਸੁਰੂਆਤ ਹੀ ਹੋ ਰਹੀ ਹੈ ਕਿ ਸ਼ਹਿਰੀ ਫੀਡਰ ਬਾਲਿਆਂਵਾਲੀ ਵਾਸੀਆਂ ਨੂੰ ਪਾਵਰਕਾਮ ਵਾਲਿਆਂ ਨੇ ਮੁੜਕੋ-ਮੁੜਕੀ ਕੀਤਾ ਪਿਆ ਹੈ | ਜਿਸ ਕਾਰਨ ਅੱਕੇ ਲੋਕਾਂ ਨੇ ਲੰਘੀ ਰਾਤ ਬਾਲਿਆਂਵਾਲੀ ਗਰਿੱਡ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ, ਬਿਜਲੀ ਸਪਲਾਈ ਚਾਲੂ ਕਰਵਾਈ | ਦੱਸਣਾ ਬਣਦਾ ਹੈ ਕਿ ਬਾਲਿਆਂਵਾਲੀ ਵਿਖੇ ਬਿਜਲੀ ਦਾ ਗਰਿੱਡ ਬਣਿਆ ਹੋਇਆ ਅਤੇ ਪਾਵਰਕਾਮ ਦੇ ਨਿਯਮਾਂ ਅਨੁਸਾਰ ਜੋ ਪਿੰਡ ਬਿਜਲੀ ਵਿਭਾਗ ਨੂੰ ਗਰਿੱਡ ਲਈ ਜ਼ਮੀਨ ਦਿੰਦਾ ਹੈ | ਉਸ ਪਿੰਡ ਨੂੰ ਕੈਟਾਗਰੀ ਇਕ 'ਚ ਰੱਖਿਆ ਜਾਂਦਾ ਹੈ ਅਤੇ ਸ਼ਹਿਰੀ ਫੀਡਰ ਲੱਗਦਾ ਤੇ 24 ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਣੀ ਹੁੰਦੀ ਹੈ ਪ੍ਰੰਤੂ ਬਾਲਿਆਂਵਾਲੀ ਵਿਖੇ ਆਲਮ ਇਹ ਹੈ ਕਿ ਪਾਵਰਕਾਮ ਨੇ ਬਾਲਿਆਂਵਾਲੀ ਨੂੰ ਸ਼ਹਿਰੀ ਫੀਡਰ ਦੇਣ ਦੀ ਬਜਾਏ ਅੱਧੇ ਪਿੰਡ ਨੂੰ ਕਿਲ੍ਹਾ ਮੁਬਾਰਕ ਨਾਮ ਦੇ ਫ਼ੀਡਰ ਨਾਲ ਜੋੜ ਕੇ ਵੱਖ ਕਰ ਦਿੱਤਾ ਜਦਕਿ ਅੱਧੇ ਪਿੰਡ ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨੇੜਲੇ ਪਿੰਡ ਰਾਮਨਿਵਾਸ ਦੇ ਫ਼ੀਡਰ ਨਾਲ ਜੋੜ ਦਿੱਤਾ ਹੈ | ਜ਼ਿਕਰ ਏ ਖਾਸ ਹੈ ਕਿ ਬਾਲਿਆਂਵਾਲੀ ਪਿੰਡ ਵਾਲਿਆਂ ਨੂੰ ਰਾਮਨਿਵਾਸ ਨੂੰ ਸ਼ਹਿਰੀ ਫੀਡਰ ਦੇਣ ਦਾ ਕੋਈ ਇਤਰਾਜ਼ ਨਹੀਂ ਹੈ ਬਲਕਿ ਬਾਲਿਆਂਵਾਲੀ ਤੇ ਰਾਮਨਿਵਾਸ ਦੇ ਫੀਡਰਾਂ ਨੂੰ ਵੱਖੋ-ਵੱਖ ਕਰਨ ਦੀ ਮੰਗ ਹੈ ਕਿਉਂਕਿ ਜਦੋਂ ਪਿੰਡ ਰਾਮਨਿਵਾਸ ਦੀ ਬਿਜਲੀ ਦੀ ਮੇਨ ਲਾਈਨ ਵਿਚ ਨੁਕਸ ਪੈਂਦਾ ਹੈ ਤਾਂ ਬਾਲਿਆਂਵਾਲੀ ਦਾ ਸ਼ਹਿਰੀ ਫ਼ੀਡਰ ਵੀ ਨਾਲ ਹੀ ਬੰਦ ਹੋ ਜਾਂਦਾ ਹੈ | ਲੋਕਾਂ ਦੀ ਮੰਗ ਹੈ ਕਿ ਪਿੰਡ ਬਾਲਿਆਂਵਾਲੀ ਦੇ ਬੇਸ਼ੱਕ ਦੋ ਫੀਡਰ ਬਣ ਜਾਣ ਪ੍ਰੰਤੂ ਪਿੰਡ ਰਾਮਨਿਵਾਸ ਦਾ ਬਿਜਲੀ ਫੀਡਰ ਵੱਖਰਾ ਕੀਤਾ ਜਾਵੇ | ਪਿਛਲੇ ਤਿੰਨ-ਚਾਰ ਦਿਨਾਂ ਤੋਂ ਬਾਲਿਆਂਵਾਲੀ ਦੀ ਬਿਜਲੀ ਗੁੱਲ ਹੋਣ ਕਰਕੇ ਜਿੱਥੇ ਸ਼ੁਰੂਆਤੀ ਗਰਮੀ ਨੇ ਲੋਕਾਂ ਨੂੰ ਮੁੜਕੋ-ਮੁੜਕੀ ਕੀਤਾ ਹੋਇਆ ਹੈ, ਉੱਥੇ ਨਾਲ ਹੀ ਰੋਟੀ-ਟੁੱਕ ਵੀ ਹਨੇਰੇ ਚ ਬਣਾ ਕੇ ਖਾਣ ਲਈ ਮਜ਼ਬੂਰ ਹਨ ਜਦਕਿ ਘਰਾਂ ਦੀਆਂ ਪਾਣੀਆਂ ਵਾਲੀਆਂ ਟੈਂਕੀਆਂ ਖਾਲੀ ਹੋਣ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ | ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਨੇੜਲੇ ਪਿੰਡ ਨੰਦਗੜ੍ਹ ਕੋਟੜਾ ਤੇ ਪਿੰਡ ਭੂੰਦੜ ਵਿਖੇ ਬਿਜਲੀ ਸਪਲਾਈ ਚਾਲੂ ਰਹਿੰਦੀ ਤੇ ਮੰਡੀ ਕਲਾਂ ਵਾਲਿਆਂ ਨੇ ਧਰਨੇ ਦੀ ਚੇਤਾਵਨੀ ਦੇ ਕੇ ਬਿਜਲੀ ਸਪਲਾਈ ਬਹਾਲ ਕਰਵਾ ਲਈ | ਇਸ ਸਬੰਧੀ ਜਦੋਂ ਰਾਤ ਨੂੰ ਸਬ ਡਵੀਜ਼ਨ ਰਾਮਪੁਰਾ (ਦਿਹਾਤੀ) ਦੇ ਐਸ. ਡੀ. ਓ. ਹਰਸ਼ ਕੁਮਾਰ ਨੇ ਕਿਹਾ ਕਿ ਜੋ ਕੱਟ ਪਿੱਛੇ ਤੋਂ ਲੱਗਦੇ ਹਨ, ਉਹ ਸਾਡੇ ਵੱਸਦੀ ਗੱਲ ਨਹੀਂ ਹੁੰਦੀ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਤੰਗ ਪ੍ਰੇਸ਼ਾਨ ਨਾ ਹੋਣ | ਇਸ ਸਬੰਧੀ ਐਕਸੀਅਨ ਜਸਵੀਰ ਸਿੰਘ ਨੇ ਕਿਹਾ ਕਿ ਬਾਲਿਆਂਵਾਲੀ ਨੂੰ ਐਚ. ਐਲ. (ਹਾਈ ਲੋਸਟ) ਕੈਟਾਗਰੀ 'ਚ ਸ਼ਾਮਿਲ ਕੀਤਾ ਗਿਆ ਜਦੋਂ ਵੀ ਸਾਨੂੰ ਉੱਪਰ ਤੋਂ ਪਾਵਰ ਕੱਟ ਦੇ ਹੁਕਮ ਮਿਲਦੇ ਹਨ ਤਾਂ ਬਾਲਿਆਂਵਾਲੀ ਦੀ ਬਿਜਲੀ ਸਪਲਾਈ ਸਭ ਤੋਂ ਪਹਿਲਾਂ ਬੰਦ ਕੀਤੀ ਜਾਂਦੀ ਹੈ ਕਿਉਂਕਿ ਬਾਲਿਆਂਵਾਲੀ ਵਿਖੇ 100 ਯੂਨਿਟ ਬਿਜਲੀ ਖ਼ਪਤ ਹੋ ਗਈ ਪ੍ਰੰਤੂ ਮੀਟਰਾਂ ਦੀਆਂ ਸਿਰਫ਼ 20 ਯੂਨਿਟਾਂ ਖ਼ਪਤ ਹੁੰਦੀਆਂ ਹਨ | ਮੀਟਰ ਬਾਹਰ ਕੱਢਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ |