ਸੰਗਤ ਮੰਡੀ, 21 ਅਪ੍ਰੈਲ (ਸੁਖਤੇਜ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਘਰਾਂ ਲਈ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਬਿਜਲੀ ਸਪਲਾਈ ਤੋਂ ਦੁਖੀ ਹੋਏ ਪਿੰਡ ਦੇ ਲੋਕਾਂ ਵੱਲੋਂ ਅੱਧੀ ਰਾਤ ਨੂੰ ਬਿਜਲੀ ਘਰ ਘੇਰ ਕੇ ਬਿਜਲੀ ਵਿਭਾਗ ਦੀ ਘਟੀਆਂ ਕਾਰਗੁਜ਼ਾਰੀ ਵਿਰੁੱਧ ਆਪਣਾ ਗ਼ੁੱਸਾ ਕੱਢਿਆ | ਪਿੰਡ ਕੋਟਗੁਰੂ ਦੇ ਨੌਜਵਾਨ ਆਗੂ ਸੰਦੀਪ ਸਿੰਘ, ਉਪਕਾਰ ਸਿੰਘ, ਅੰਮਿ੍ਤ ਸਿੰਘ, ਗੁਰਚੇਤ ਸਿੰਘ,ਬੂਟਾ ਸਿੰਘ ਅਤੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਆਪਣੀ ਘਟੀਆ ਕਾਰਗੁਜ਼ਾਰੀ ਨੂੰ ਛਪਾਉਣ ਲਈ ਕਣਕ ਦੀ ਫ਼ਸਲ ਦਾ ਬਹਾਨਾ ਬਣਾ ਕੇ ਕਿ ਲਗਾਤਾਰ ਪਿਛਲੇ 10 ਦਿਨਾਂ ਤੋਂ ਪਿੰਡਾਂ ਅੰਦਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਦੇ ਕੱਟ ਲਾਏ ਜਾਂ ਰਹੇ ਹਨ, ਅਤੇ 2 ਘੰਟੇ ਬਿਜਲੀ ਸਪਲਾਈ ਦੇਣ ਤੋਂ ਬਾਅਦ ਰਾਤ ਸਮੇਂ ਫਿਰ 7 ਵਜੇ ਤੋਂ 12 ਵਜੇ ਤੱਕ ਪਾਵਰ ਕੱਟ ਹੋਣ ਦਾ ਕਹਿਕੇ ਬੱਤੀ ਗੁੱਲ ਕਰ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਪਿੰਡਾਂ ਦੇ ਲੋਕ ਜਦੋਂ ਖੇਤਾਂ 'ਚੋਂ ਕੰਮ ਕਰਕੇ ਥੱਕੇ ਟੁੱਟੇ ਘਰ ਆਉਂਦੇ ਹਨ, ਤਾਂ ਅੱਗੋਂ ਲਾਈਟ ਬੰਦ ਮਿਲਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਨ੍ਹੇਰੇ ਵਿਚ ਰਾਤ ਦੀ ਰੋਟੀ ਖਾਣੀ ਵੀ ਦੁੱਭਰ ਹੋ ਜਾਂਦੀ ਹੈ | ਪਿੰਡ ਕੋਟਗੁਰੂ, ਮੁਹਾਲਾਂ, ਫੁੱਲੋ ਮਿੱਠੀ, ਧੁਨੀਕੇ, ਅਤੇ ਬਾਂਡੀ ਵਾਸੀਆਂ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਇਨ੍ਹਾਂ 5 ਪਿੰਡਾਂ ਵਿਚ ਬਿਜਲੀ ਸਪਲਾਈ ਦਾ ਐਨਾ ਮੰਦੜਾ ਹਾਲ ਹੈ ਕਿ ਕਿਸੇ ਇੱਕ ਪਿੰਡ ਵਿੱਚ ਫਾਲਟ ਪੈ ਜਾਣ ਤੇ ਬਾਕੀ ਪਿੰਡਾਂ ਦੀ ਬਿਜਲੀ ਸਪਲਾਈ ਵੀ ਬੰਦ ਰੱਖੀ ਜਾਂਦੀ ਹੈ | ਜਿਸ ਨਾਲ ਗਰਮੀ ਅਤੇ ਮੱਛਰ ਕਾਰਨ ਛੋਟੇ-ਛੋਟੇ ਬੱਚਿਆਂ ਦਾ ਬੁਰਾ ਹਾਲ ਹੋ ਜਾਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਬਿਨਾਂ ਵਜ੍ਹਾ ਲਗਾਏ ਜਾ ਰਹੇ ਪਾਵਰ ਕੱਟ ਤੁਰੰਤ ਬੰਦ ਕੀਤੇ ਜਾਣ | ਇਸ ਮੌਕੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਰਾਤ ਦੇ ਸਮੇਂ ਇਸੇ ਤਰ੍ਹਾਂ ਬਿਜਲੀ ਕੱਟ ਲੱਗਦੇ ਰਹੇ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜਬੂਰ ਹੋ ਜਾਣਗੇ | ਜਿਸ ਦੀ ਜ਼ੰੁਮੇਵਾਰੀ ਬਿਜਲੀ ਵਿਭਾਗ ਦੀ ਹੋਵੇਗੀ | ਇਸ ਬਾਰੇ ਪਾਵਰਕਾਮ ਦੇ ਐਸ.ਡੀ.ਓ ਕੇਵਲ ਕਿ੍ਸ਼ਨ ਸੇਠੀ ਨੇ ਦੱਸਿਆ ਕਿ ਦਿਨ ਸਮੇਂ ਕਣਕਾਂ ਦੀ ਵਾਢੀ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਬਿਜਲੀ ਸਪਲਾਈ ਬੰਦ ਰੱਖੀ ਜਾਂਦੀ ਹੈ ਅਤੇ ਰਾਤ ਸਮੇਂ ਉੱਪਰੋਂ ਹੀ ਪਾਵਰ ਕੱਟ ਲਾਏ ਜਾ ਰਹੇ ਹਨ |