ਬੁਢਲਾਡਾ, 21 ਅਪ੍ਰੈਲ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਦੇ ਰਾਜਨੀਤੀ ਸਾਸ਼ਤਰ ਵਿਭਾਗ ਵਲੋਂ ਪਿ੍ੰਸੀਪਲ ਡਾ. ਨਰਿੰਦਰ ਸਿੰਘ ਦੀ ਅਗਵਾਈ ਹੇਠ 'ਭਾਰਤੀ ਸੰਸਦ ਦੀ ਬਣਤਰ, ਸ਼ਕਤੀਆਂ ਅਤੇ ਕੰਮ' ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ | ਮੁੱਖ ਵਕਤਾ ਵਜੋਂ ਡਾ. ਤੇਗਬੀਰ ਕੌਰ ਮੁਖੀ ਰਾਜਨੀਤੀ ਵਿਭਾਗ ਕਰਨਲ ਕਾਲਜ ਚੂਲੜ ਕਲਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਰਾਜਨੀਤਕ ਢਾਂਚੇ ਅਧੀਨ ਦੇਸ਼ ਦੇ ਸਾਰੇ ਕਾਨੂੰਨ ਹੀ ਸੰਸਦ ਬਣਾਉਂਦੀ ਹੈ, ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਕਿਸੇ ਵੀ ਅਹਿਮ ਮੁੱਦੇ 'ਤੇ ਕਾਨੂੰਨ ਬਣਾਉਣ ਲਈ ਸੱਤਾ ਧਿਰ ਵੱਲੋਂ ਸੰਸਦ ਦੇ ਦੋਂਨੋਂ ਸਦਨਾਂ 'ਚ ਲਿਆਂਦੇ ਗਏ ਬਿੱਲ 'ਤੇ ਬਹਿਸ ਤੋਂ ਬਾਅਦ ਉਸ ਦੇ ਸਰਬਸੰਮਤੀ ਨਾਲ ਪਾਸ ਹੋਣ ਤੋਂ ਬਾਅਦ ਉਹ ਕਾਨੂੰਨ ਬਣ ਜਾਂਦਾ ਹੈ | ਉਨ੍ਹਾਂ ਭਾਰਤੀ ਸੰਸਦ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਤੇ ਨਾਲ ਹੀ ਭਾਰਤੀ ਸੰਸਦ ਦੀ ਕਾਰਜ ਪ੍ਰਣਾਲੀ 'ਚ ਅਲੱਗ ਅਲੱਗ ਪ੍ਰਕਾਰ ਦੇ ਸੁਧਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਵਿਦਿਆਰਥੀਆਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਵਿਦਿਆਰਥੀਆਂ ਨੂੰ ਰਾਜਨੀਤਕ ਕਾਰਜਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਤ ਕੀਤਾ | ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਸ਼ੇ ਸਬੰਧੀ ਸੰਖੇਪ ਵਿੱਚ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਭਵਿੱਖ 'ਚ ਵੀ ਵਿਦਿਆਰਥੀਆਂ ਨੂੰ ਸਮੇਂ ਸਮੇਂ 'ਤੇ ਵਿਸ਼ੇ ਨਾਲ ਸੰਬੰਧਿਤ ਮਾਹਰਾਂ ਦੇ ਰੂਬਰੂ ਕਰਵਾਇਆ ਜਾਵੇਗਾ | ਇਸ ਮੌਕੇ ਵਿਭਾਗ ਦਾ ਸਟਾਫ ਹਾਜ਼ਰ ਸੀ |