ਬਠਿੰਡਾ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਹਾਕੀ ਇੰਡੀਆ ਨੇ ਸਬ-ਜੂਨੀਅਰ ਮਹਿਲਾ ਕੋਚਿੰਗ ਕੈਂਪ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ 40 ਖਿਡਾਰਨਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚ ਪੰਜਾਬ ਦੀਆਂ 5 ਖਿਡਾਰਨਾਂ ਸ਼ਾਮਲ ਹਨ | ਇਨ੍ਹਾਂ ਵਿਚ ਪੀਆਈਐਸ ਬਠਿੰਡਾ ਦੀਆਂ 2 ਖਿਡਾਰਨਾਂ ਵੀ ਕੈਂਪ ਦਾ ਹਿੱਸਾ ਬਣੀਆਂ ਹਨ, ਜੋ ਬਠਿੰਡਾ ਜ਼ਿਲੇ੍ਹ ਲਈ ਵੱਡੇ ਮਾਣ ਵਾਲੀ ਗੱਲ ਹੈ | ਖਿਡਾਰਨ ਰਸ਼ਮੀਨ ਕੌਰ, ਜੋ ਕੋ ਪਿੰਡ ਮੱਲਵਾਲ ਜਦੀਦ, ਸੈਦਾਂਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਦੂਸਰੀ ਖਿਡਾਰਨ ਲਵਪ੍ਰੀਤ, ਜੋ ਕਿ ਜਿਉਣ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਦੀ ਜੰਮਪਲ ਹੈ, ਇਹ ਦੋਨੋ ਖਿਡਾਰਨਾਂ ਹਾਕੀ ਕੋਚ ਰਾਜਵੰਤ ਸਿੰਘ ਮਾਨ ਕੋਲ ਪੀਆਈਐਸ ਬਠਿੰਡਾ ਵਿਚ ਤਿਆਰੀ ਕਰਦੀਆਂ ਹਨ | ਇਨ੍ਹਾਂ ਤੋਂ ਇਲਾਵਾ ਪੰਜਾਬ ਵਿਚੋਂ ਖਿਡਾਰਨ ਹੈਰੀ ਮੋਹਾਲੀ, ਸੁਲੋਚਨੀ ਅਤੇ ਹਰਸ਼ਿਤਾ ਪਟਿਆਲਾ ਵੀ ਕੈਂਪ ਲਈ ਚੁਣੀਆਂ ਗਈਆਂ | ਇਨ੍ਹਾਂ ਤੋਂ ਇਲਾਵਾ ਝਾਰਖੰਡ ਦੀਆਂ 8, ਮੱਧ ਪ੍ਰਦੇਸ਼ ਤੇ ਉੜੀਸਾ ਦੀਆਂ 5-5, ਉਤਰ ਪ੍ਰਦੇਸ਼ ਦੀਆਂ 4, ਹਰਿਆਣਾ ਤੇ ਮਿਜ਼ੋਰਮ ਦੀਆਂ 3-3, ਮਨੀਪੁਰ ਦੀਆਂ 2, ਬਿਹਾਰ, ਮਹਾਂਰਾਸ਼ਟਰ, ਤੇਲੰਗਨਾ, ਜੰਮੂ-ਕਸ਼ਮੀਰ ਤੇ ਤਾਮਿਲਨਾਡੂ ਦੀ 1-1 ਖਿਡਾਰਨ ਦੀ ਚੋਣ ਹੋਈ ਹੈ | ਦੱਸਣਯੋਗ ਹੈ ਕਿ ਸਬ ਜੂਨੀਅਰ ਮਹਿਲਾ ਕੋਚਿੰਗ ਕੈਂਪ 25 ਮਈ ਤੱਕ ਸਾਂਈ ਸੈਂਟਰ, ਭੋਪਾਲ ਵਿਖੇ ਲੱਗੇਗਾ ਅਤੇ ਇਸ ਕੈਂਪ ਲਈ 16ਵੀਂ ਹਾਕੀ ਇੰਡੀਆ ਸਬ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਰਾਂਚੀ ਝਾਰਖੰਡ ਵਿਚੋਂ ਉਕਤ 40 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ ਅਤੇ ਅੱਗੇ ਇਨ੍ਹਾਂ ਵਿਚੋਂ ਭਾਰਤੀ ਅੰਡਰ-18 ਮਹਿਲਾ ਹਾਕੀ ਟੀਮ ਦੀ ਚੋਣ ਅੰਡਰ-18 ਏਸ਼ੀਆ ਕੱਪ ਲਈ ਹੋਵੇਗੀ | ਪੰਜਾਬ ਤੇ ਬਠਿੰਡਾ ਦੀਆਂ ਖਿਡਾਰਨਾਂ ਦੀ ਚੋਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਹਾਕੀ ਪਟਿਆਲਾ ਦੇ ਪ੍ਰਧਾਨ ਗੁਰਦੀਪ ਸਿੰਘ, ਬਲਵਿੰਦਰ ਸਿੰਘ ਪੰਜਾਬ ਪੁਲਿਸ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਕੋਚ ਰਣਧੀਰ ਸਿੰਘ ਧੀਰਾ, ਹਰਪ੍ਰੀਤ ਬਾਬਾ ਕਬੱਡੀ ਕੋਚ, ਗੁਰਪ੍ਰੀਤ ਸਿੰਘ ਨਥਾਣਾ ਲੈਕਚਰਾਰ, ਹਰਜਿੰਦਰ ਸਿੰਘ ਜਿੰਦਾ ਕਬੱਡੀ ਕੋਚ, ਡਾ. ਸੁਰਜੀਤ ਸਿੰਘ, ਪ੍ਰੋ. ਅਮਰਵੀਰ ਸਿੰਘ ਲਾਡੀ ਨੇ ਉਕਤ ਖਿਡਾਰਨਾਂ ਅਤੇ ਪੀਆਈਐਸ ਬਠਿੰਡਾ ਦੇ ਕੋਚ ਰਾਜਵੰਤ ਸਿੰਘ ਮਾਨ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਕਿਹਾ ਕਿ ਕੋਚ ਰਾਜਵੰਤ ਦੀ ਮੇਹਨਤ ਦੀ ਬਦੌਲਤ ਹਾਕੀ ਖਿਡਾਰਨਾਂ ਦਾ ਉਕਤ ਕੈਂਪ ਤੱਕ ਪੁੱਜਣਾ ਆਪਣੇ ਆਪ 'ਚ ਵੱਡੀ ਪ੍ਰਾਪਤੀ ਹੈ |