ਚਾਉਕੇ, 24 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਇਤਿਹਾਸਕ ਮੌਕੇ 'ਤੇ ਗ੍ਰਾਮ ਪੰਚਾਇਤ ਬੱਲ੍ਹੋ ਨੇ ਸਿੱਖਿਆ ਅਤੇ ਸੰਵਿਧਾਨਕ ਸ਼ਕਤੀਕਰਨ ਦੀ ਇਕ ਨਵੀ ਮਿਸਾਲ ਪੇਸ਼ ਕਰਦਿਆਂ ਪੂਰੇ ਸੂਬੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ | ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦੀ ਯੂਥ ਲਾਇਬਰੇਰੀ 'ਚ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਪੰਚਾਇਤ ਨੇ ਆਪਣੀ ਦੂਰਅੰਦੇਸ਼ੀ 'ਬੱਲ੍ਹੋ ਵਿਦਿਆ ਰਤਨ' ਸਕੀਮ ਰਾਹੀਂ ਸਰਕਾਰੀ ਸਕੂਲਾਂ 'ਚ 100 ਫ਼ੀਸਦੀ ਹਾਜ਼ਰੀ ਦਰਜ ਕਰਵਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 2100-2100 ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਪੱਤਰਾਂ ਨਾਲ ਨਿਵਾਜ ਕੇ ਸਿੱਖਿਆ ਕ੍ਰਾਂਤੀ ਦਾ ਹੋਕਾ ਦਿੱਤਾ ਗਿਆ | ਨਕਦ ਰਾਸ਼ੀ ਤੇ ਪ੍ਰਸੰਸਾ ਪੱਤਰ ਦੇਣ ਦੀ ਰਸਮ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਅਦਾ ਕੀਤੀ | ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਮੁੱਖ ਮਹਿਮਾਨ ਦੀ ਹਾਜ਼ਰੀ 'ਚ ਹੋਏ ਇਸ ਸਮਾਗਮ ਨੇ ਜਿੱਥੇ 73 ਵੀ ਸੰਵਿਧਾਨਕ ਸੋਧ ਰਾਹੀਂ ਮਿਲੇ ਪੰਚਾਇਤੀ ਅਧਿਕਾਰਾਂ ਦੀ ਗੂੰਜ ਪਾਈ ਉੱਥੇ ਹੀ ਪਿੰਡ ਦੇ ਸਰਬਪੱਖੀ ਵਿਕਾਸ ਲਈ ਇਕ ਨਵਾਂ ਅਤੇ ਮਜਬੂਤ ਰੋਡਮੈਪ ਵੀ ਪੇਸ਼ ਕੀਤਾ | ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਅਤੇ ਤਰਨਜੋਤ ਵੈੱਲਫੇਅਰ ਸੁਸਾਇਟੀ ਵਧਾਈ ਦੀ ਪਾਤਰ ਹੈ, ਜਿਸ ਨੇ ਸਿੱਖਿਆ ਨੂੰ ਤਰਜੀਹ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਇਕ ਜਾਗਰੂਕ ਪੰਚਾਇਤ ਪਿੰਡ ਦੀ ਨੁਹਾਰ ਕਿਵੇਂ ਬਦਲ ਸਕਦੀ ਹੈ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ 73 ਵੀ ਸੋਧ ਨੇ ਪੰਚਾਇਤਾਂ ਨੂੰ ਅਸਲ ਤਾਕਤ ਅਤੇ ਵੱਧ ਅਧਿਕਾਰ ਦਿੱਤੇ ਹਨ¢ ਸਮਾਗਮ ਦੌਰਾਨ ਪੰਚਾਇਤ ਨੂੰ ਲੜਾਈ-ਝਗੜੇ ਨਿਬੇੜਨ ਅਤੇ ਵਿਕਾਸ ਕਾਰਜਾਂ 'ਚ ਵੱਧ ਸਹਿਯੋਗ ਦੇਣ ਵਾਲੇ ਅਵਤਾਰ ਸਿੰਘ ਟੋਫੀ ਨੰਬਰਦਾਰ ਨੂੰ ਮੈਨ ਆਫ਼ ਦਾ ਵਿਲੇਜ ਚੁਣਨ ਤੇ 5100 ਰੁਪਏ ਦੀ ਰਾਸ਼ੀ ਦਾ ਚੈੱਕ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਰਕਾਰੀ ਸਕੀਮਾਂ ਤੇ ਪੰਚਾਇਤ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ | ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ, ਡਾ: ਰਾਘਵ ਸ਼ਰਮਾ, ਬਲਾਕ ਕੋਆਰਡੀਨੇਟਰ ਹਰਿੰਦਰ ਸਿੰਘ, ਮੁੱਖ ਅਧਿਆਪਕਾ ਜੋਤੀ ਗਰਗ, ਅਧਿਆਪਕ ਰਾਜੇਸ਼ ਕੁਮਾਰ, ਪ੍ਰਧਾਨ ਰਣਜੀਤ ਸਿੰਘ, ਅਵਤਾਰ ਸਿੰਘ ਨੰਬਰਦਾਰ, ਪ੍ਰਧਾਨ ਹਰਬੰਸ ਸਿੰਘ, ਪੰਚ ਹਰਬੰਸ ਸਿੰਘ ਹਾਕਮ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ, ਰਣਜੀਤ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ, ਹਰਵਿੰਦਰ ਕੌਰ ਅਤੇ ਪਰਮਜੀਤ ਸਿੰਘ ਹਾਜ਼ਰ ਸਨ |