ਰਾਮਾਂ ਮੰਡੀ, 25 ਅਪ੍ਰੈਲ (ਤਰਸੇਮ ਸਿੰਗਲਾ)-ਪੰਜਾਬ ਦੇ ਕਈ ਹਿੱਸਿਆਂ ਵਿਚ ਇਹ ਮੰਗ ਉੱਠ ਰਹੀ ਹੈ ਕਿ ਜਿਵੇਂ ਪੰਜਾਬ ਦੇ ਲੋਕ ਜਦੋਂ ਹਿਮਾਚਲ ਪ੍ਰਦੇਸ਼ ਵਰਗੇ ਹੋਰ ਸੂਬਿਆਂ ਵਿਚ ਘੁੰਮ ਫ਼ਿਰ ਕੇ (ਫੇਰੀ ਲਗਾ ਕੇ) ਵਪਾਰ ਕਰਨ ਜਾਂਦੇ ਹਨ, ਤਾਂ ਉਥੋਂ ਦੀ ਪੁਲਿਸ ਵਲੋਂ ਉਨ੍ਹਾਂ ਤੋਂ ਪੰਜਾਬ ਪੁਲਿਸ ਦੁਆਰਾ ਜਾਰੀ ਕੀਤਾ ਗਿਆ ਪੁਲਿਸ ਕਰੈਕਟਰ ਸਰਟੀਫ਼ਿਕੇਟ (ਪੀਸੀਸੀ) ਮੰਗਿਆ ਜਾਂਦਾ ਹੈ | ਇਹ ਨਿਯਮ ਪੰਜਾਬ ਵਿਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ | ਲੋਕ ਅਧਿਕਾਰ ਲਹਿਰ ਦੇ ਮੈਂਬਰ ਗਗਨਦੀਪ ਸਿੰਘ ਬਹਿਣੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਤੋਂ ਉਨ੍ਹਾਂ ਦੇ ਸੂਬੇ ਦੀ ਪੁਲਿਸ ਵਲੋਂ ਜਾਰੀ ਪੀਸੀਸੀ ਲੈਣਾ ਲਾਜ਼ਮੀ ਬਣਾਇਆ ਜਾਵੇ | ਇਸ ਨਾਲ ਨਾ ਸਿਰਫ਼ ਸੁਰੱਖਿਆ ਪ੍ਰਬੰਧ ਮਜ਼ਬੂਤ ਹੋਣਗੇ, ਸਗੋਂ ਰਾਜ ਵਿਚ ਵੱਧ ਰਹੇ ਅਪਰਾਧਾਂ 'ਤੇ ਵੀ ਨੱਥ ਪਾਈ ਜਾ ਸਕਦੀ ਹੈ | ਇਸ ਤੋਂ ਇਲਾਵਾ, ਧਾਰਮਿਕ ਅਸਥਾਨਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਬੈਠੇ ਬਾਹਰਲੇ ਸੂਬਿਆਂ ਦੇ ਭਿਖ਼ਾਰੀਆਂ ਦੀ ਵੀ ਪੂਰੀ ਜਾਂਚ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਉਨ੍ਹਾਂ ਦੇ ਪਤੇ ਦਰਜ ਕਰਕੇ ਸਬੰਧਿਤ ਥਾਣਿਆਂ ਰਾਹੀਂ ਉਨ੍ਹਾਂ ਦੇ ਮੂਲ ਸੂਬਿਆਂ ਦੀ ਪੁਲਿਸ ਨਾਲ ਸੰਪਰਕ ਕਰਕੇ ਪਿਛੋਕੜ ਦੀ ਜਾਂਚ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ਨਾਲ ਕਈ ਅਣਪਛਾਤੇ ਮਾਮਲੇ ਸਾਹਮਣੇ ਆ ਸਕਦੇ ਹਨ ਅਤੇ ਅਪਰਾਧੀਆਂ ਦੀ ਪਹਿਚਾਣ ਕਰਕੇ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾ ਸਕਦਾ ਹੈ | ਉਨ੍ਹਾਂ ਲੋਕਾਂ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ |