ਬਾਲਿਆਂਵਾਲੀ, 25 ਅਪ੍ਰੈਲ (ਕੁਲਦੀਪ ਮਤਵਾਲਾ)-ਸਿਵਲ ਸਰਜਨ ਡਾ: ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ ਅਤੇ ਡਾਕਟਰ ਸ਼ੈਲੀ ਅਰੋੜਾ ਦੀ ਅਗਵਾਈ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਜਗਤਾਰ ਸਿੰਘ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਕਮਲਜੀਤ ਸਿੰਘ ਸੀ ਐਚ ਓ ਨੇ ਬੱਚਿਆਂ ਨੂੰ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ 25 ਅਪ੍ਰੈਲ ਨੂੰ ਸਿਹਤ ਵਿਭਾਗ ਦੁਆਰਾ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਮਲੇਰੀਆ ਦਾ ਖ਼ਾਤਮਾ, ਇਲਾਜ ਅਤੇ ਇਸ ਦੇ ਖ਼ਾਤਮੇ ਪ੍ਰਤੀ ਜਾਗਰਕਤਾ ਫੈਲਾਉਣਾ ਹੈ | ਇਸ ਸਾਲ ਦਾ ਥੀਮ 'ਮਲੇਰੀਏ ਨੂੰ ਖ਼ਤਮ ਕਰਨ ਲਈ ਵਚਨਬੱਧ, ਹੁਣ ਅਸੀਂ ਕਰ ਸਕਦੇ ਹਾਂ, ਹੁਣ ਸਾਨੂੰ ਕਰਨਾ ਹੀ ਪਵੇਗਾ' ਰੱਖਿਆ ਗਿਆ ਹੈ | ਇਸ ਦਾ ਮੁੱਖ ਉਦੇਸ਼ ਮਲੇਰੀਏ ਦੇ ਖ਼ਾਤਮੇ ਲਈ ਸਾਂਝੀ ਜ਼ਿੰਮੇਵਾਰੀ, ਆਧੁਨਿਕ ਚਿਕਿਤਸਾ ਅਤੇ ਜਾਗਰੂਕਤਾ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ | ਸਿਹਤ ਸੁਪਰਵਾਈਜ਼ਰ ਪਵਨ ਕੁਮਾਰ ਅਤੇ ਸਾਧੂ ਰਾਮ ਨੇ ਦੱਸਿਆ ਕਿ ਇਹ ਇਕ ਸੰਕਰਮਕ ਬਿਮਾਰੀ ਹੈ ਜੋ ਮਾਦਾ ਐਨਾਫ਼ਲੀਜ਼ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ | ਇਸ 'ਚ ਤੇਜ਼ ਬੁਖ਼ਾਰ, ਠੰਡ ਲੱਗਣਾ, ਪਸੀਨਾ ਆਉਣਾ, ਤੇਜ਼ ਸਿਰ ਦਰਦ ਅਤੇ ਉਲਟੀਆਂ ਆਉਣਾ ਹੁੰਦਾ ਹੈ | ਸਮੇਂ ਸਿਰ ਇਲਾਜ ਨਾ ਕਰਾਉਣਾ ਜਾਨਲੇਵਾ ਸਾਬਿਤ ਹੋ ਸਕਦਾ ਹੈ | ਇਸ ਲਈ ਬੁਖ਼ਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਮਲੇਰੀਏ ਦੀ ਜਾਂਚ ਕਰਾਉਣੀ ਚਾਹੀਦੀ ਹੈ, ਜੋ ਕਿ ਮੁਫ਼ਤ ਹੁੰਦੀ ਹੈ | ਭਾਰਤ 'ਚ ਹੁਣ ਮਲੇਰੀਏ ਦੇ ਕੇਸਾਂ 'ਚ ਕਾਫ਼ੀ ਕਮੀ ਦੇਖਣ ਨੂੰ ਮਿਲੀ ਹੈ | ਸਰਕਾਰ ਵਲੋਂ ਚਲਾਈ ਜਾ ਰਹੀ ਨੈਸ਼ਨਲ ਵੈਕਟਰ ਫੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਮੁਹਿੰਮ ਮਲੇਰੀਏ ਨੂੰ ਖ਼ਤਮ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਵਿਸ਼ਵ ਸਿਹਤ ਸੰਸਥਾ ਨੇ 2030 ਤੱਕ ਸੰਸਾਰ 'ਚੋਂ ਮਲੇਰੀਏ ਨੂੰ ਖ਼ਤਮ ਕਰਨ ਦਾ ਟੀਚਾ ਮਿਥਿਆ ਹੈ | ਸਾਡੇ ਭਾਰਤ ਦੇਸ਼ ਨੂੰ ਮਲੇਰੀਏ ਦੇ ਖ਼ਾਤਮਾ ਵਾਲਾ ਸਰਟੀਫ਼ਿਕੇਟ ਮਿਲਣਾ ਹਾਲੇ ਬਾਕੀ ਹੈ | ਇਸ ਮੌਕੇ ਅਵਤਾਰ ਸਿੰਘ ਸੀਨੀਅਰ ਸਿਹਤ ਕਰਮਚਾਰੀ ਅਤੇ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ | ਅੰਤ 'ਚ ਸਕੂਲ ਪਿ੍ੰਸੀਪਲ ਚਰਨਜੀਤ ਸ਼ਰਮਾ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਮਲੇਰੀਆ ਦੀ ਰੋਕਥਾਮ ਲਈ ਆਪਣੇ ਮਾਪਿਆਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ |