ਮਾਨਸਾ, 3 ਮਈ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਰਾਜ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਰਾਜ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਖੁਡਾਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ 'ਚ ਮੁਲਾਜ਼ਮ 15 ਮਈ ਨੂੰ ਸੰਗਰੂਰ ਵਿਖੇ ਕਾਲੇ ਚੋਲੇ ਪਾ ਕੇ ਰੋਸ ਮਾਰਚ ਕਰਨ ਉਪਰੰਤ ਵਿੱਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 5 ਤੋਂ 8 ਮਈ ਦਰਮਿਆਨ ਜ਼ਿਲ੍ਹਾ ਪੱਧਰੀ ਜਨਰਲ ਇਜਲਾਸ ਬੁਲਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਮਬੰਦ ਕੀਤਾ ਜਾਵੇਗਾ | ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਅਦਾਲਤਾਂ ਵਲੋਂ ਮੁਲਾਜ਼ਮਾਂ ਦੇ ਹੱਕ 'ਚ ਦਿੱਤੇ ਫ਼ੈਸਲਿਆਂ ਦੇ ਬਾਵਜੂਦ ਵੀ ਸਰਕਾਰ ਡੀ.ਏ. ਲਾਗੂ ਕਰਨ ਤੋਂ ਆਨਾ-ਕਾਨੀ ਕਰ ਰਹੀ ਹੈ ਅਤੇ ਅਦਾਲਤ ਦੇ ਫ਼ੈਸਲੇ ਵਿਰੁੱਧ ਡਬਲ ਬੈਂਚ ਦੇ ਐਲ.ਪੀ.ਏ. ਪਾਉਣ ਜਾ ਰਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹਰਪ੍ਰੀਤ ਸਿੰਘ ਪ੍ਰਧਾਨ ਡੀ.ਸੀ. ਕਰਮਚਾਰੀ ਯੂਨੀਅਨ, ਸੰਦੀਪ ਸਿੰਘ ਵਾਲੀਆ ਪ੍ਰਧਾਨ ਹੈਲਥ ਵਿਭਾਗ, ਰਤਨ ਸਿੰਘ, ਯਾਦਵਿੰਦਰ ਸਿੰਘ ਵਿਰਕ, ਜਸਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਗੁਰਦੀਪ ਸਿੰਘ, ਮਨਿੰਦਰ ਸਿੰਘ, ਕਮਲ ਸ਼ਰਮਾ, ਗੁਰਪ੍ਰੀਤ ਕੌਰ, ਗੀਤਾ ਗੁਪਤਾ, ਜਸਪ੍ਰੀਤ ਕੌਰ, ਨੀਲਮ ਰਾਣੀ, ਮਨਦੀਪ ਸਿੰਘ ਆਦਿ ਹਾਜ਼ਰ ਸਨ |