ਮਹਿਰਾਜ, 3 ਮਈ (ਸੁਖਪਾਲ ਮਹਿਰਾਜ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਇਸ ਦੇ ਤਹਿਤ ਨਗਰ ਵਿਕਾਸ ਫ਼ੰਡਾਂ ਅਧੀਨ ਵਾਰਡ ਨੰਬਰ-2 ਵਿਚ ਗਊਸ਼ਾਲਾ ਦੇ ਪਿੱਛੇ ਸਥਿਤ ਸ਼ਮਸ਼ਾਨਘਾਟ ਦੇ ਨਵੀਨੀਕਰਨ ਲਈ 45 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮ ਅਤੇ ਗਊਸ਼ਾਲਾ ਤੋਂ ਸ਼ਮਸ਼ਾਨਘਾਟ ਤੱਕ ਇੰਟਰਲਾਕ ਟਾਈਲਾਂ ਵਾਲੀ ਗਲੀ ਦੀ ਉਸਾਰੀ ਲਈ 24.50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਨੀਂਹ ਪੱਥਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਆਪਣੇ ਕਰ ਕਮਲਾਂ ਨਾਲ ਰੱਖੇ ਗਏ | ਇਸ ਮੌਕੇ ਵਿਧਾਇਕ ਸਿੱਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਗਰ ਪੰਚਾਇਤ ਮਹਿਰਾਜ ਵਿਚ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਲਾਕੇ ਦੇ ਸਮੂਹ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਨਗਰ ਪੰਚਾਇਤ ਮਹਿਰਾਜ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ, ਜੇ.ਈ ਕਿਰਨਦੀਪ ਕੌਰ, ਕਲਰਕ ਅੰਗਰੇਜ਼ ਸਿੰਘ, ਸਾਬਕਾ ਐਮ.ਸੀ ਯੋਧਾ ਸਿੰਘ ਮਹਿਰਾਜ, ਚੇਅਰਮੈਨ ਜਗਸੀਰ ਸਿੰਘ ਵੈਦ, ਕੁਲਵੰਤ ਸਿੰਘ, ਸਰਪੰਚ ਲੱਖਾ ਪਿੱਪਲੀ, ਹੈਪੀ ਸਿੰਘ ਮਹਿਲ, ਗੁਰਵਿੰਦਰ ਸਿੰਘ, ਬੂਟਾ ਸਿੰਘ ਸਿੱਧੂ, ਬੂਰਾਂ ਸਿੰਘ ਨੰਬਰਦਾਰ, ਮੀਤ ਚੇਅਰਮੈਨ ਗੁਰਦੀਪ ਸਿੰਘ ਢੂਲੇ ਵਾਲਾ, ਸਾਬਕਾ ਐਮ.ਸੀ ਪਰਮਜੀਤ ਸਿੰਘ, ਨਵਦੀਪ ਨੀਟਾ, ਸਾਬਕਾ ਐਮ.ਸੀ ਲੱਖਾ ਸਿੰਘ, ਜੱਸਾ ਸਿੰਘ ਅਤੇ ਅਧਿਆਪਕ ਹਰਚਰਨ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ |