ਮਾਨਸਾ, 4 ਮਈ (ਰਾਵਿੰਦਰ ਸਿੰਘ ਰਵੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਸਾ ਜ਼ਿਲੇ੍ਹ 'ਚ 5 ਮਈ ਤੋਂ 'ਡਰੱਗ ਅਤੇ ਸਮਾਜਿਕ-ਆਰਥਿਕ ਜਨਗਣਨਾ' ਸ਼ੁਰੂ ਹੋ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਗਣਨਾ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਧਾਰਿਤ ਸਮੇਂ 'ਚ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਹ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਮੋਡ ਰਾਹੀਂ ਹੋਵੇਗੀ | ਸਰਵੇਖਣ ਲਈ ਤਾਇਨਾਤ ਕੀਤੇ ਗਏ ਗਿਣਤੀਕਾਰ ਅਤੇ ਸੁਪਰਵਾਈਜ਼ਰਾਂ ਨੂੰ ਸਰਕਾਰ ਵਲੋਂ ਜਾਰੀ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਡਿਜੀਟਲ ਪਹਿਲਕਦਮੀ ਨਾਲ ਅੰਕੜਿਆਂ ਦੇ ਇਕੱਤਰੀਕਰਨ 'ਚ ਤੇਜ਼ੀ ਆਵੇਗੀ ਅਤੇ ਗ਼ਲਤੀ ਦੀ ਗੁੰਜਾਇਸ਼ ਨਾਮਾਤਰ ਰਹਿ ਜਾਵੇਗੀ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਸਰਵੇ ਟੀਮਾਂ ਉਨ੍ਹਾਂ ਦੇ ਘਰਾਂ 'ਚ ਆਉਣ ਤਾਂ ਉਨ੍ਹਾਂ ਨੂੰ ਤੱਥ ਆਧਾਰਿਤ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ |