ਬਠਿੰਡਾ, 4 ਮਈ (ਅਵਤਾਰ ਸਿੰਘ ਕੈਂਥ)-ਨਾਗਰਿਕ ਚੇਤਨਾ ਮੰਚ ਦੀ ਅਗਵਾਈ 'ਚ ਮਹੇਸ਼ਵਰੀ ਚੌਂਕ ਵਾਲੀ ਸੜਕ ਦੇ ਵਸਨੀਕਾਂ ਨੇ ਅੱਜ ਐਸ ਪੀ ਹੈਡ ਕੁਆਰਟਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਲਾਪਰਵਾਹ ਮੋਟਰ ਸਾਈਕਲ-ਕਾਰਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇ | ਮੰਚ ਦੇ ਪ੍ਰਧਾਨ ਪਿ੍ੰ: ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ: ਅਜੀਤਪਾਲ ਸਿੰਘ ਜ਼ਮਹੂਰੀ ਅਧਿਕਾਰ ਸਭਾ ਨੇ ਦੱਸਿਆ ਕਿ ਬੁਲਟ ਮੋਟਰ ਸਾਇਕਲਾਂ ਅਤੇ ਜੀਪਾਂ-ਕਾਰਾਂ 'ਤੇ ਚੜ੍ਹ ਕੇ ਨੌਜਵਾਨ 40 ਫੁੱਟੀ ਸੜਕ ਬੀਬੀ ਵਾਲਾ ਰੋਡ ਗਲੀ ਨੰਬਰ-3 'ਚ ਅਕਸਰ ਹੀ ਲਾਪਰਵਾਹੀ ਨਾਲ ਓਵਰ ਸਪੀਡ 'ਤੇ ਗਲਤ ਸਾਈਡ ਤੋਂ ਚੱਲਦੇ ਹੋਏ ਵੱਡੀ ਉਮਰ ਦੇ ਲੋਕਾਂ ਤੇ ਬੱਚਿਆਂ ਆਦਿ ਨੂੰ ਫੇਟ ਮਾਰ ਕੇ ਜ਼ਖ਼ਮੀ ਕਰ ਜਾਂਦੇ ਹਨ | ਉਹ ਦਹਿਸ਼ਤ ਪਾਉਣ ਲਈ ਪਟਾਕੇ ਪਾਉਂਦੇ ਹੋਏ ਲੰਘਦੇ ਹਨ ਤੇ ਟਰੈਫ਼ਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ | ਅਮਨ ਪਸੰਦ ਸ਼ਹਿਰੀ ਇਸ ਪ੍ਰਦੂਸ਼ਨ ਤੋਂ ਬੇਹੱਦ ਦੁਖੀ ਹਨ | ਪਾਰਕ ਨੰਬਰ 39 ਦੇ ਇਰਦ-ਗਿਰਦ ਰਹਿੰਦੇ ਵਸਨੀਕਾਂ ਨੇ ਪਹਿਲਾਂ ਵੀ ਐਸ ਐਸ ਪੀ ਤੇ ਡੀ ਸੀ ਬਠਿੰਡਾ ਨੂੰ ਕਿਹਾ ਸੀ ਕਿ ਇਸ ਲਾਪ੍ਰਵਾਹੀ ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਰੋਕੀ ਜਾਵੇ | ਐਸ ਐਸ ਪੀ ਦੇ ਹੁਕਮਾਂ 'ਤੇ ਗੈਰ ਕਾਨੂੰਨੀ ਵਹੀਕਲਾਂ ਦੇ ਚਲਾਨ ਵੀ ਕੱਟੇ ਗਏ, ਪਰ ਪਤਾ ਨਹੀਂ ਹੁਣ ਇਹ ਕੰਮ ਕਿਉਂ ਬੰਦ ਹੈ | ਇਥੇ ਕੋਚਿੰਗ ਸੈਂਟਰ ਬਹੁਤ ਹਨ ਅਤੇ ਸੜਕ 'ਤੇ ਭਾਰੀ ਭੀੜ ਕਾਰਨ ਤੇਜ਼ ਰਫ਼ਤਾਰ ਨਾਲ ਭਜਾਏ ਜਾਂਦੇ ਬੁਲਟ ਮੋਟਰ ਸਾਈਕਲਾਂ-ਕਾਰਾਂ ਦੀ ਮਾਰ ਲੋਕਾਂ ਨੂੰ ਝੱਲਣੀ ਪੈ ਰਹੀ ਹੈ | ਬਜ਼ੁਰਗਾਂ, ਬੱਚਿਆਂ, ਔਰਤਾਂ ਤੇ ਬਿਮਾਰ ਲੋਕਾਂ ਲਈ ਤਾਂ ਬਹੁਤ ਪ੍ਰੇਸ਼ਾਨੀ ਹੈ | ਵਾਹਨਾਂ ਦੀ ਤੇਜ਼ ਰਫ਼ਤਾਰ ਕਰਕੇ ਲੋਕ ਘਰਾਂ 'ਚੋਂ ਬਾਹਰ ਨਿਕਲਣੋਂ ਡਰਦੇ ਹਨ | ਇਥੇ 24 ਅਪ੍ਰੈਲ ਨੂੰ ਇਕ ਬਜ਼ੁਰਗ ਅÏਰਤ ਨੂੰ ਬੁਲਟ ਮੋਟਰ ਸਾਈਕਲ ਨੇ ਫੇਟ ਮਾਰ ਦਿੱਤੀ, ਉਸ ਦੀ ਲੱਤ ਦੀ ਹੱਡੀ ਟੁੱਟ ਗਈ | ਲੋਕਾਂ ਦੀ ਮੰਗ ਹੈ ਕਿ ਇਸ ਇਲਾਕੇ ਵਿਚ ਪੱਕੀ ਪੁਲਿਸ ਗਸ਼ਤ/ਨਾਕਾ ਲਗਾਇਆ ਜਾਵੇ ਅਤੇ ਓਵਰ ਸਪੀਡ ਅਤੇ ਗੈਰ ਕਨੂੰਨੀ ਵਹੀਕਲਾਂ ਦੇ ਚਲਾਨ ਕੱਟੇ ਜਾਣ |