ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਵਲੋਂ ਜਨਗਣਨਾ-2027 ਸਬੰਧੀ ਪਹਿਲੇ ਪੜਾਅ ਤਹਿਤ ਸਵੈ-ਗਣਨਾ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ 14 ਮਈ ਤੱਕ ਚੱਲੇਗੀ | ਬਠਿੰਡਾ ਸ਼ਹਿਰ ਵਾਸੀਆਂ ਲਈ ਇਸ ਦੀ ਸ਼ੁਰੂਆਤ ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕੌਰ ਕਲਸੀ ਨੇ ਸ਼ਹਿਰ ਦੀਆਂ ਮੋਹਤਬਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤੀ | ਉਨ੍ਹਾਂ ਦੱਸਿਆ ਕਿ ਇਹ ਇਕ ਆਸਾਨ ਅਤੇ ਡਿਜੀਟਲ ਪ੍ਰਕਿਰਿਆ ਹੈ, ਜਿਸ ਰਾਹੀਂ ਲੋਕ ਘਰ ਬੈਠੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਲਈ ਭਾਰਤ ਸਰਕਾਰ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਪਣਾ ਸੂਬਾ ਚੁਣਨਾ ਹੋਵੇਗਾ ਅਤੇ ਮੋਬਾਇਲ ਨੰਬਰ ਦੇ ਜ਼ਰੀਏ ਰਜਿਸਟਰੇਸ਼ਨ ਕਰਨਾ ਹੋਵੇਗਾ | ਰਜਿਸਟਰ ਮੋਬਾਈਲ ਨੰਬਰ 'ਤੇ ਆਏ ਓ. ਟੀ. ਪੀ. ਰਾਹੀਂ ਲਾਗ ਇਨ ਕਰਨ ਤੋਂ ਬਾਅਦ ਲੋਕ ਸੌਖੇ ਤਰੀਕੇ ਨਾਲ ਆਪਣੀ ਜਾਣਕਾਰੀ ਭਰ ਸਕਦੇ ਹਨ | ਕਮਿਸ਼ਨਰ ਨਗਰ ਨਿਗਮ ਲਵਜੀਤ ਕੌਰ ਕਲਸੀ ਨੇ ਦੱਸਿਆ ਕਿ ਸਵੈ-ਗਣਨਾ ਦੌਰਾਨ ਕੁੱਲ 33 ਵਿਚੋਂ 30 ਮੁੱਖ ਜਾਣਕਾਰੀ ਦੇ ਬਿੰਦੂ ਲੋਕਾਂ ਵਲੋਂ ਖੁਦ ਭਰੇ ਜਾਣਗੇ, ਜਿੰਨ੍ਹਾਂ ਵਿਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਵਿਆਹਤਾ ਜੋੜਿਆਂ ਦੀ ਜਾਣਕਾਰੀ, ਪੀਣ ਵਾਲੇ ਪਾਣੀ ਦਾ ਸਰੋਤ, ਐਲਪੀਜੀ ਕੁਨੈਕਸ਼ਨ, ਮੋਬਾਇਲ, ਇੰਟਰਨੈੱਟ, ਟੀ ਵੀ, ਵਾਹਨ ਅਤੇ ਘਰ ਦੀ ਬਣਤਰ ਸਬੰਧੀ ਵੇਰਵਾ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਤਿੰਨ ਬਿੰਦੂ ਡੋਰ-ਟੂ-ਡੋਰ ਸਰਵੇ ਦੌਰਾਨ ਭਰੇ ਜਾਣਗੇ, ਜੋ ਕਿ 15 ਮਈ ਤੋਂ 13 ਜੂਨ ਤੱਕ ਸਰਕਾਰੀ ਜਨਗਣਨਾ ਮੁਲਾਜ਼ਮ ਵਲੋਂ ਕੀਤਾ ਜਾਵੇਗਾ | ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ੳਹ ਸਮੇਂ-ਸਿਰ ਆਪਣੀ ਸਵੈ-ਗਣਨਾ ਪੂਰੀ ਕਰਨ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਵੈ-ਗਣਨਾ ਪੂਰੀ ਕਰਨ ਉਪਰੰਤ ਹਰ ਘਰ ਨੂੰ ਇੱਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ, ਜਿਸਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ | ਡੋਰ-ਟੂ-ਡੋਰ ਸਰਵੇ ਦੌਰਾਨ ਇਹ ਆਈ.ਡੀ. ਜਨਗਣਨਾ ਮੁਲਾਜ਼ਮ ਨੂੰ ਦੇਣ 'ਤੇ ਪਹਿਲਾਂ ਭਰੀ ਜਾਣਕਾਰੀ ਆਟੋਮੈਟਿਕ ਤੌਰ 'ਤੇ ਪ੍ਰਾਪਤ ਹੋ ਜਾਵੇਗੀ, ਜਿਸ ਨਾਲ ਪੂਰੀ ਪ੍ਰਕਿਰਿਆ ਸੌਖੀ ਅਤੇ ਤੇਜ਼ ਹੋਵੇਗੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਵੈ-ਗਣਨਾ ਵਿਚ ਭਾਗ ਲੈਣ | ਇਸ ਮੌਕੇ ਆਰਟਿਸਟ ਗੁਰਪ੍ਰੀਤ ਸਿੰਘ, ਗੀਤਕਾਰ ਮਨਪ੍ਰੀਤ ਤਿਵਾਣਾ, ਏ.ਸੀ ਸੁਨੀਲ ਮਹਿਤਾ, ਬਲਵਾਨ ਸਿੰਘ (ਅਰਬਨ ਪਲੈਨਰ) ਅਤੇ ਹਰਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ |