ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਥਾਨਕ ਰੋਜ਼ ਗਾਰਡਨ ਚੌਕ ਵਿਚ ਓਵਰਬਿ੍ਜ 'ਤੇ ਇਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਜੋ ਕੁਝ ਪਲਾਂ 'ਚ ਸੜ ਕੇ ਸੁਆਹ ਹੋ ਗਈ | ਹਾਲਾਂਕਿ ਅਗਜ਼ਨੀ ਦੀ ਘਟਨਾ ਤੋਂ ਪਹਿਲਾਂ ਹੀ ਕਾਰ ਵਿਚੋਂ ਬਾਹਰ ਨਿਕਲਣ ਕਾਰਨ ਕਾਰ ਸਵਾਰ ਦੋ ਜਣੇ ਵਾਲ-ਵਾਲ ਬਚ ਗਏ ਹਨ | ਕਾਰ ਚਾਲਕ ਸੰਜੇ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਵਿਚ ਡੱਬਵਾਲੀ ਤੋਂ ਨਿਸ਼ਾਨ ਕੰਪਨੀ ਦੀ ਹਰਿਆਣਾ ਨੰਬਰ ਐਚ.ਆਰ-25 ਐਚ-5723 ਚਿੱਟੇ ਰੰਗ ਦੀ ਮੈਗਨਾਈਟ ਕਾਰ ਖ਼ਰੀਦ ਕੀਤੀ ਸੀ¢ ਅੱਜ ਉਹ ਇਸ ਕਾਰ ਦੇ ਕਾਗ਼ਜ਼ਾਤ ਲੈਣ ਲਈ ਮੋਗਾ ਤੋਂ ਡੱਬਵਾਲੀ ਜਾ ਰਹੇ ਸੀ ਕਿ ਰੋਜ਼ ਗਾਰਡਨ ਚੌਕ ਨੇੜੇ ਪਹੁੰਚਦੇ ਹੀ ਅਚਾਨਕ ਕਾਰ ਵਿਚੋਂ ਧੂੰਆਂ ਨਿਕਲਣ ਲੱਗਿਆ ਤਾਂ ਉਹ ਤੁਰੰਤ ਕਾਰ ਰੋਕ ਕੇ ਬਾਹਰ ਨਿਕਲ ਆਏ ਅਤੇ ਦੇਖਦੇ ਹੀ ਦੇਖਦੇ ਕਾਰ ਅੱਗ ਦਾ ਗੋਲਾ ਬਣ ਗਈ¢ ਜਿਸ ਮਗਰੋਂ ਓਵਰਬਿ੍ਜ 'ਤੇ ਅਫ਼ਰਾ-ਦਫ਼ੜੀ ਮੱਚ ਗਈ ਅਤੇ ਵਾਹਨਾਂ ਦਾ ਜਾਮ ਲੱਗ ਗਿਆ | ਸੂਚਨਾ ਮਿਲਦਿਆਂ ਅੱਗ ਬੁਝਾਉਂ ਦਸਤੇ ਦੀ ਟੀਮ ਵੀ ਫਾਇਰ ਬਿ੍ਗੇਡ ਦੀ ਗੱਡੀ ਲੈ ਕੇ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਸੜ ਕੇ ਰਾਖ ਹੋ ਚੁੱਕੀ ਸੀ | ਸੰਜੇ ਅਗਰਵਾਲ ਨੇ ਦੱਸਿਆ ਕਿ ਕਾਰ ਵਿਚ ਉਨ੍ਹਾਂ ਦਾ ਇਕ ਲੈਪਟਾਪ ਤੇ ਹੋਰ ਕਾਗ਼ਜ਼ਾਤ ਵਗ਼ੈਰਾ ਵੀ ਮਚ ਗਏ ਹਨ | ਕਾਰ ਨੂੰ ਅੱਗ ਲੱਗਣ ਦਾ ਕਾਰਣ ਇੰਜਨ ਵਿਚ ਤਾਰਾਂ ਦੀ ਸਪਾਰਕਿੰਗ ਹੋਣਾ ਮੰਨਿਆ ਜਾ ਰਿਹਾ ਹੈ¢ ਪਰ ਇਸ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਚੱਲੇਗਾ |