ਬਠਿੰਡਾ, 16 ਮਈ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਠਿੰਡਾ ਵਿਚ ਨਗਰ ਨਿਗਮ ਬਠਿੰਡਾ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਸਮਾਪਤ ਹੋ ਗਿਆ ਹੈ | ਚੋਣ ਮੈਦਾਨ ਵਿਚ ਉੱਤਰੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਆਖ਼ਰੀ ਦਿਨ ਵੱਡੀ ਗਿਣਤੀ ਵਿਚ ਆਪਣੇ ਕਾਗ਼ਜ਼ ਦਾਖ਼ਲ ਕਰਵਾਏ ਗਏ, ਜਿਸ ਕਾਰਨ ਚੋਣ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਸਾਰਾ ਦਿਨ ਭਾਰੀ ਭੀੜ ਲੱਗੀ ਰਹੀ | ਨਾਮਜ਼ਦਗੀਆਂ ਦੇ ਆਖ਼ਰੀ ਦਿਨ ਵੱਖ-ਵੱਖ ਉਮੀਦਵਾਰਾਂ ਸਮਰਥਕਾਂ ਦੇ ਇਕੱਠ ਅਤੇ ਨਾਅਰੇਬਾਜ਼ੀ ਕਾਰਨ ਕਈ ਥਾਵਾਂ 'ਤੇ ਚੋਣੀ ਮਾਹੌਲ ਗਰਮਾਇਆ ਹੋਇਆ ਦਿਖਾਈ ਦਿੱਤਾ, ਜਦਕਿ ਕਾਗ਼ਜ਼ਾਂ ਦੀ ਪੜਤਾਲ ਉਪਰੰਤ ਨਾਮਜ਼ਦਗੀ ਪੱਤਰ ਸਹੀ ਪਾਏ ਜਾਣ ਅਤੇ ਚੋਣ ਨਿਸ਼ਾਨ ਅਲਾਟ ਹੋਣ ਬਾਅਦ ਹੀ ਚੋਣਾਂ ਦਾ ਅਸਲੀ ਰੰਗ ਵੇਖਣ ਨੂੰ ਮਿਲੇਗਾ | ਚੋਣ ਅਧਿਕਾਰੀਆਂ ਅਨੁਸਾਰ ਦਾਖ਼ਲ ਕੀਤੇ ਗਏ ਕਾਗ਼ਜ਼ਾਂ ਦੀ ਪੜਤਾਲ ਕੱਲ੍ਹ 18 ਮਈ ਨੂੰ ਕੀਤੀ ਜਾਵੇਗੀ ਅਤੇ 19 ਮਈ ਨੂੰ ਨਾਮਜ਼ਦਗੀ ਵਾਪਸੀ ਲੈਣ ਦਾ ਦਿਨ ਹੈ, ਜਿਸ ਤੋਂ ਬਾਅਦ ਯੋਗ ਉਮੀਦਵਾਰਾਂ ਦੀ ਅੰਤਿਮ ਸੂਚੀ ਉਨ੍ਹਾਂ ਦੇ ਚੋਣ ਨਿਸ਼ਾਨਾਂ ਨਾਲ ਜਾਰੀ ਕੀਤੀ ਜਾਵੇਗੀ | ਨਾਮ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਚੋਣ ਮੈਦਾਨ ਵਿਚ ਰਹਿਣ ਵਾਲੇ ਉਮੀਦਵਾਰਾਂ ਦੀ ਤਸਵੀਰ ਸਪੱਸ਼ਟ ਹੋਵੇਗੀ, ਉਸ ਉਪਰੰਤ ਹੀ ਸਾਰੇ ਉਮੀਦਵਾਰ ਆਪਣੇ-ਆਪਣੇ ਵਾਰਡਾਂ ਵਿਚ ਪ੍ਰਚਾਰ ਕਰਨ ਲਈ ਜੋਰ-ਸ਼ੋਰ ਨਾਲ ਉੱਤਰਨਗੇ | ਇਸ ਦੌਰਾਨ ਵੱਖ-ਵੱਖ ਪਾਰਟੀਆਂ ਤੋਂ ਟਿਕਟ ਲੈਣ ਦੀ ਇੱਛਾ ਰੱਖਣ ਵਾਲਿਆਂ ਨੂੰ ਐਨ ਮੌਕੇ 'ਤੇ ਉਨ੍ਹਾਂ ਦੀਆਂ ਪਾਰਟੀਆਂ ਵਲੋਂ ਵਿਸਾਰ ਦਿੱਤਾ ਗਿਆ, ਜਿਸ ਕਾਰਨ ਉਹ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿਚ ਕੁੱਦੇ ਹਨ, ਜੋ ਜਿੱਤ ਦੀ ਪੌੜੀ ਵੱਲ ਚੜ੍ਹਨ ਵਾਲਿਆਂ ਦੀ ਬੇੜੀ 'ਚ ਵੱਟੇ ਪਾ ਸਕਦੇ ਹਨ, ਜਿਸ ਲਈ ਵੱਖ-ਵੱਖ ਧਿਰਾਂ ਵਲੋਂ ਇਨ੍ਹਾਂ ਉਮੀਦਵਾਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦਾ ਦੌਰ ਵੀ ਚੱਲ ਰਿਹਾ ਹੈ |