ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਐਨ.ਏ.ਬੀ.ਐਲ. ਮਾਨਤਾ ਪ੍ਰਾਪਤ ਭੋਜਨ ਪਰਖ ਪ੍ਰਯੋਗਸ਼ਾਲਾ ਅਤੇ 200 ਸੀਟਾਂ ਵਾਲੇ ਨਵੇਂ ਆਡੀਟੋਰੀਅਮ ਦਾ ਉਦਘਾਟਨ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ 'ਚ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪੌਦਿਆਂ ਨੂੰ ਜਲ ਅਰਪਣ ਦੀ ਰਸਮ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਮਹਿਮਾਨਾਂ ਦਾ ਸਵਾਗਤ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਨੇ ਕੀਤਾ | ਉਨ੍ਹਾਂ ਨੇ ਸਾਲ 2018 'ਚ ਫੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਰਹਿੰਦਿਆਂ ਸੀ.ਯੂ. ਪੰਜਾਬ ਭੋਜਨ ਪਰਖ ਪ੍ਰਯੋਗਸ਼ਾਲਾ ਦੀ ਸਥਾਪਨਾ ਲਈ 5.05 ਕਰੋੜ ਰੁਪਏ ਦੀ ਮਨਜ਼ੂਰੀ ਦੇਣ ਲਈ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸਹੂਲਤ ਮਾਲਵਾ ਖੇਤਰ 'ਚ ਭੋਜਨ ਪਦਾਰਥਾਂ ਦੀ ਜਾਂਚ ਦਾ ਇਕ ਮਹੱਤਵਪੂਰਨ ਕੇਂਦਰ ਬਣੇਗੀ | ਆਪਣੇ ਸੰਬੋਧਨ 'ਚ ਹਰਸਿਮਰਤ ਕੌਰ ਬਾਦਲ ਨੇ ਯੂਨੀਵਰਸਿਟੀ ਨੂੰ ਭੋਜਨ ਪਰਖ ਪ੍ਰਯੋਗਸ਼ਾਲਾ ਲਈ ਐਨ.ਏ.ਬੀ.ਐਲ. ਮਾਨਤਾ ਪ੍ਰਾਪਤ ਹੋਣ 'ਤੇ ਵਧਾਈ ਦਿੱਤੀ ਅਤੇ ਉੱਨਤ ਵਿਗਿਆਨਕ ਖੋਜਾਂ ਅਤੇ ਖੇਤਰੀ ਵਿਕਾਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ | ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਰਾਜ ਹੈ, ਇਸ ਲਈ ਇਹ ਪ੍ਰਯੋਗਸ਼ਾਲਾ ਕਿਸਾਨਾਂ, ਖਾਦ ਪ੍ਰੋਸੈਸਿੰਗ ਉਦਯੋਗਾਂ ਅਤੇ ਐਗਰੀ-ਬਿਜ਼ਨਸ ਸੰਸਥਾਵਾਂ ਨੂੰ ਬਠਿੰਡਾ ਵਿਚ ਹੀ ਖਾਧ ਉਤਪਾਦਾਂ ਦੀ ਜਾਂਚ ਦੀ ਸਹੂਲਤ ਪ੍ਰਦਾਨ ਕਰੇਗੀ | ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੀਯੂ ਪੰਜਾਬ ਵਿਚ ਪੰਜਾਬ ਸਾਹਮਣੇ ਮੌਜੂਦ ਮੁੱਖ ਚੁਣੌਤੀਆਂ ਦੇ ਹੱਲ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਵੱਡੀ ਸਮਰੱਥਾ ਹੈ | ਇਸ ਮੌਕੇ ਵਾਇਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾਰੀ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵਲੋਂ ਦਿੱਤਾ ਗਿਆ 'ਸਰਬੱਤ ਦਾ ਭਲਾ' ਦਾ ਸੰਦੇਸ਼ ਸਾਰੇ ਉੱਚ ਸਿੱਖਿਆ ਸੰਸਥਾਨਾਂ ਨੂੰ ਅਪਣਾਉਣਾ ਚਾਹੀਦਾ ਹੈ, ਕਿਉਂਕਿ ਇਹ ਸਭ ਪ੍ਰਤੀ ਸਮਾਨਤਾ, ਹਮਦਰਦੀ ਅਤੇ ਕਰੁਣਾ ਦੀ ਭਾਵਨਾ ਸਿਖਾਉਂਦਾ ਹੈ | ਪ੍ਰੋਗਰਾਮ ਦੀ ਸਮਾਪਤੀ ਰਜਿਸਟਰਾਰ ਡਾ. ਵਿਜੇ ਸ਼ਰਮਾ ਦੁਆਰਾ ਦਿੱਤੇ ਗਏ ਧੰਨਵਾਦ ਦੇ ਮਤੇ ਨਾਲ ਹੋਈ |