ਤਲਵੰਡੀ ਸਾਬੋ, 24 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਅੱਜ ਬਾਅਦ ਦੁਪਹਿਰ ਇਕ ਮਾਰਕੀਟ 'ਚ ਅਚਾਨਕ ਅੱਗ ਲੱਗਣ ਨਾਲ ਹੜਕੰਪ ਮੱਚ ਗਿਆ, ਜਦੋਂਕਿ ਅੱਗ ਦੀ ਲਪੇਟ 'ਚ ਦੋ ਦਵਾਈਆਂ ਦੀਆਂ ਦੁਕਾਨਾਂ ਆਉਣ ਕਾਰਨ ਉਕਤ ਦੋਵਾਂ ਦੁਕਾਨਾਂ 'ਚ ਪਈਆਂ ਲੱਖਾਂ ਰੁਪਏ ਕੀਮਤ ਦੀਆਂ ਦਵਾਈਆਂ ਅਤੇ ਹੋਰ ਸਾਜ਼ੋ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਬੁਝਾਊ ਦਸਤਿਆਂ ਨੇ ਬੜੀ ਜੱਦੋ ਜਹਿਦ ਨਾਲ ਅੱਗ 'ਤੇ ਕਾਬੂ ਪਾਇਆ | ਮਿਲੀ ਜਾਣਕਾਰੀ ਅਨੁਸਾਰ ਐਤਵਾਰ ਹੋਣ ਦੇ ਚਲਦਿਆਂ ਅੱਜ ਬਹੁਤੀਆਂ ਦੁਕਾਨਾਂ ਬੰਦ ਸਨ | ਇਸੇ ਦੌਰਾਨ ਨਗਰ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਮਾਰਕੀਟ 'ਚ ਅੱਗ ਲੱਗ ਗਈ | ਅੱਗ ਲੱਗਣ ਦਾ ਪਤਾ ਉਦੋਂ ਲੱਗਾ ਜਦੋਂ ਕੁਝ ਵਿਅਕਤੀਆਂ ਨੇ ਦੁਕਾਨਾਂ ਦੇ ਸ਼ਟਰਾਂ ਥੱਲੋਂ ਧੂੰਆਂ ਨਿਕਲਦਾ ਦੇਖਿਆ, ਜਦੋਂ ਨੇੜੇ ਤੇੜੇ ਦੇ ਲੋਕਾਂ ਨੇ ਇਕੱਠੇ ਹੋ ਦੁਕਾਨਾਂ ਦੇ ਜਿੰਦਰੇ ਖੋਲੇ੍ਹ ਤਾਂ ਦੁਕਾਨਾਂ 'ਚੋਂ ਅੱਗ ਦੇ ਭਾਂਬੜ ਬਲ ਨਿਕਲੇ | ਲੋਕਾਂ ਨੇ ਤੁਰੰਤ ਫਾਇਰ ਬਿ੍ਗੇਡ ਤਲਵੰਡੀ ਸਾਬੋ ਨੂੰ ਸੂਚਿਤ ਕੀਤਾ, ਜਿਨ੍ਹਾਂ ਦੀਆਂ ਅੱਗ ਬੁਝਾਊ ਗੱਡੀਆਂ ਨੇ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਆਰੰਭ ਦਿੱਤੇ | ਘਟਨਾ ਦੀ ਸੂਚਨਾ ਮਿਲਦਿਆਂ ਪਹਿਲਾਂ ਟ੍ਰੈਫਿਕ ਇੰਚਾਰਜ ਅਵਤਾਰ ਸਿੰਘ ਤੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣੇ ਯਕੀਨੀ ਬਣਾਏ | ਫਾਇਰ ਬਿ੍ਗੇਡ ਮੁਲਾਜ਼ਮਾਂ ਨੇ ਬੜੀ ਜੱਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਮੈਡੀਕਲ ਦੀਆਂ ਦੋ ਦੁਕਾਨਾਂ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਅਤੇ ਬ੍ਰਦਰ ਮੈਡੀਕਲ ਸਟੋਰ 'ਚ ਪਈਆਂ ਲੱਖਾਂ ਦੀਆਂ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ | ਕ੍ਰਮਵਾਰ ਮੈਡੀਕਲ ਸਟੋਰ ਸੰਚਾਲਕਾਂ ਗੁਰਦੀਪ ਸਿੰਘ ਤਲਵੰਡੀ ਸਾਬੋ ਅਤੇ ਲਖਵੀਰ ਸ਼ਰਮਾ ਨੇ ਦੱਸਿਆ ਕਿ ਅੰਦਾਜ਼ੇ ਮੁਤਾਬਿਕ ਦੋਵਾਂ ਦੁਕਾਨਾਂ 'ਚ ਕਰੀਬ ਅੱਠ-ਅੱਠ, ਦਸ ਦਸ ਲੱਖ ਰੁਪਏ ਦੀਆਂ ਦਵਾਈਆਂ ਸਨ ਤੇ ਇਸ ਤੋਂ ਇਲਾਵਾ ਦੁਕਾਨਾਂ ਦੀ ਫਿਟਿੰਗ.ਏ.ਸੀ.ਫਰਿੱਜ਼, ਕੰਪਿਊਟਰ ਤੇ ਹੋਰ ਸਾਮਾਨ ਸੜ ਗਿਆ ਹੈ | ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਉਕਤ ਦੋਵਾਂ ਦੁਕਾਨਾਂ ਦੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਥੋੜਾ ਨੁਕਸਾਨ ਹੋਣ ਦੀ ਖ਼ਬਰ ਹੈ | ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਭਾਵੇ ਆਰੰਭ ਦਿੱਤੀ ਹੈ ਪਰ ਵਜ੍ਹਾ ਸ਼ਾਰਟ ਸਰਕਟ ਮੰਨੀ ਜਾ ਰਹੀ ਹੈ | ਕੈਮਿਸਟ ਐਸੋਸੀਏਸ਼ਨ ਪ੍ਰਧਾਨ ਮਨਦੀਪ ਸਿੰਘ ਨੇ ਜਿੱਥੇ ਸਰਕਾਰ ਤੋਂ ਦੋਵਾਂ ਦੁਕਾਨ ਸੰਚਾਲਕਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ | ਉਥੇ ਥਾਣਾ ਮੁਖੀ ਅਮਰੀਕ ਸਿੰਘ ਨੇ ਅਪੀਲ ਕੀਤੀ ਹੈ ਕਿ ਗਰਮੀ ਜ਼ਿਆਦਾ ਪੈਣ ਕਾਰਣ ਬਿਜਲੀ ਸਪਲਾਈ ਯੰਤਰਾਂ ਦਾ ਧਿਆਨ ਰੱਖਿਆ ਜਾਵੇ ਤੇ ਅਗਰ ਕੋਈ ਅਣਸੁਖਾਂਵੀ ਘਟਨਾ ਵਾਪਰਦੀ ਹੈ ਤਾਂ ਫਾਇਰ ਬਿ੍ਗੇਡ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ |