ਬਾਲਿਆਂਵਾਲੀ, 24 ਮਈ (ਕੁਲਦੀਪ ਮਤਵਾਲਾ)- ਬਾਲਿਆਂਵਾਲੀ ਵਿਖੇ ਢੱਡੇ ਪਿੰਡ ਵੱਲ ਜਾ ਰਹੀ ਤੂੜੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਤੂੜੀ ਦੀਆਂ ਗੱਠਾਂ ਨਾਲ ਲੱਦੀ ਟਰੈਕਟਰ-ਟਰਾਲੀ ਬਾਲਿਆਂਵਾਲੀ ਵਿਖੇ ਭੂੰਦੜ ਵਾਲੇ ਬੱਸ ਅੱਡੇ ਦੇ ਨੇੜੇ ਪਹੁੰਚੀ ਤਾਂ ਤੂੜੀ ਦੀ ਭੁੰਗ ਵਾਲੀ ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਰਕੇ ਹੋਈ ਬਿਜਲੀ ਦੀ ਸਪਾਰਕਿੰਗ ਕਾਰਨ ਟਰਾਲੀ ਨੂੰ ਅੱਗ ਲੱਗ ਗਈ | ਜਿਸ ਦਾ ਮੌਕੇ 'ਤੇ ਲੋਕਾਂ ਵਲੋਂ ਰੌਲਾ ਪਾਇਆ ਗਿਆ, ਪਰ ਡਰਾਈਵਰ ਨੇ ਆਪਣੀ ਸੂਝ ਬੂਝ ਨਾਲ ਟਰੈਕਟਰ-ਟਰਾਲੀ ਨੂੰ ਪਿੰਡ ਤੋਂ ਬਾਹਰ ਵੱਲ ਢੱਡੇ ਰੋਡ 'ਤੇ ਬਾਲ ਮੰਦਰ ਪਬਲਿਕ ਸਕੂਲ ਦੇ ਨੇੜੇ ਲਿਜਾ ਕੇ ਹੋਰ ਲੋਕਾਂ ਦੀ ਮਦਦ ਨਾਲ ਟਰੈਕਟਰ ਨੂੰ ਮੁਸ਼ਕਿਲ ਨਾਲ ਟਰਾਲੀ ਤੋਂ ਅਲੱਗ ਕਰਕੇ ਅੱਗ ਤੋਂ ਬਚਾਇਆ, ਜਦਕਿ ਟਰਾਲੀ ਸਮੇਤ ਤੂੜੀ ਅੱਗ ਨਾਲ ਸੜਦੇ ਰਹੇ | ਲੋਕਾਂ ਵਲੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਮੌਕੇ ਬੁਲਾਇਆ ਗਿਆ | ਜਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਗਏ, ਪ੍ਰੰਤੂ ਉਦੋਂ ਤੱਕ ਤੂੜੀ ਨਾਲ ਭਰੀ ਟਰਾਲੀ ਸੜ ਕੇ ਸੁਆਹ ਹੋ ਗਈ ਸੀ | ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਹ ਤੂੜੀ ਵਾਲੀ ਟਰੈਕਟਰ-ਟਰਾਲੀ ਆਪਣੇ ਖੇਤਰ ਦੀ ਨਹੀਂ, ਬਲਕਿ ਦਿੜ੍ਹਬਾ ਮੰਡੀ ਤੋਂ ਹੈ ਅਤੇ ਅੱਗ ਲੱਗਣ ਕਾਰਨ ਤੂੜੀ ਸਮੇਤ ਟਰਾਲੀ ਸੜਨ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਦਕਿ ਕੱਲ੍ਹ ਵੀ ਮੰਡੀ ਖ਼ੁਰਦ ਵਿਖੇ ਇਨ੍ਹਾਂ ਦੀ ਟਰਾਲੀ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਸੀ |