ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਰਾਜਨੇਤਾਵਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿਚ ਗੁਲਾਮੀ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਚੁਣੇ ਹੋਏ ਰਾਜਨੇਤਾਵਾਂ ਨੂੰ ਈ.ਡੀ. ਰਾਹੀਂ ਡਰਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਰਾਜਨੇਤਾ ਲੋਕਾਂ ਨੂੰ ਡਰਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵਰਗੀਆਂ ਸੰਸਥਾਵਾਂ ਨੂੰ ਵੀ ਵਿਵਾਦਾਂ ਵਿਚ ਘਸੀਟਿਆ ਜਾ ਰਿਹਾ ਹੈ | ਸਿੱਧੂ ਨੇ ਕਿਹਾ ਕਿ ਰਾਜਨੇਤਾਵਾਂ 'ਤੇ ਛਾਪੇਮਾਰੀ ਕਰਨ ਤੋਂ ਪਹਿਲਾਂ ਰਾਜਨੀਤੀ ਵਿਚ ਪਾਰਦਰਸ਼ਤਾ ਲਿਆਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਸਵਾਲ ਕੀਤਾ ਕਿ ਦੇਸ਼ ਵਿਚ ਇਹ ਕਿਹੋ ਜਿਹਾ ਲੋਕਤੰਤਰ ਹੈ, ਜਿੱਥੇ ਜੇਲ੍ਹ ਵਿਚ ਬੰਦ ਕੈਦੀ ਜਾਂ ਭਿ੍ਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਵੀ ਚੋਣਾਂ ਲੜ ਸਕਦੇ ਹਨ | ਅਜਿਹੇ ਨੁਮਾਇੰਦੇ ਦੇਸ਼ ਵਿਚ ਸ਼ਾਂਤੀ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਕਿਵੇਂ ਯਕੀਨੀ ਬਣਾਉਣਗੇ, ਇਹ ਸਮਾਜ ਲਈ ਅੱਜ ਸੱਭ ਤੋਂ ਵੱਡਾ ਸਵਾਲ ਹੈ | ਉਨ੍ਹਾਂ ਕਿਹਾ ਕਿ ਜੇ ਚੋਣਾਂ ਲੜਨ ਲਈ ਪਾਰਦਰਸ਼ਤਾ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ, ਤਾਂ ਚੁਣੇ ਹੋਏ ਰਾਜਨੇਤਾਵਾਂ 'ਤੇ ਬਾਅਦ ਵਿਚ ਹੋਣ ਵਾਲੀ ਛਾਪੇਮਾਰੀ ਨੂੰ ਪੂਰੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ | ਉਨ੍ਹਾਂ ਮੰਗ ਕੀਤੀ ਕਿ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਲਈ ਈ.ਡੀ. ਤੋਂ ਐਨ.ਓ.ਸੀ. ਲੈਣਾ ਲਾਜ਼ਮੀ ਕੀਤਾ ਜਾਵੇ, ਤਾਂ ਜੋ ਚੁਣੇ ਜਾਣ ਤੋਂ ਬਾਅਦ ਅਜਿਹੀਆਂ ਕਾਰਵਾਈਆਂ ਦੀ ਲੋੜ ਨਾ ਪਵੇ | ਉਨ੍ਹਾਂ ਕਿਹਾ ਕਿ ਚੁਣੇ ਹੋਏ ਰਾਜਨੇਤਾਵਾਂ 'ਤੇ ਈ.ਡੀ. ਦੀ ਕਾਰਵਾਈ ਕਾਰਨ ਲੋਕਾਂ ਵਿਚ ਇਹ ਧਾਰਨਾ ਬਣ ਰਹੀ ਹੈ ਕਿ ਅਜਿਹੀਆਂ ਕਾਰਵਾਈਆਂ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਹਨ |