ਮਹਿਮਾ ਸਰਜਾ, 25 ਮਈ (ਬਲਦੇਵ ਸੰਧੂ)-ਜ਼ਿਲ੍ਹਾ ਫ਼ਰੀਦਕੋਟ ਦੀ ਸਰਹੱਦ ਨਾਲ ਲੱਗਦੇ ਬਠਿੰਡਾ ਦੇ ਆਖ਼ਰੀ ਪਿੰਡ ਬਰਕੰਦੀ ਵਿਚ ਖੇਤੀਬਾੜੀ ਜ਼ਮੀਨ 'ਤੇ ਜ਼ਬਰੀ ਕਬਜ਼ੇ ਦੀ ਕੋਸ਼ਿਸ਼ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ | ਘਟਨਾ ਨੇ ਪੇਂਡੂ ਖੇਤਰਾਂ 'ਚ ਵਧ ਰਹੀਆਂ ਜ਼ਮੀਨੀ ਰੰਜਿਸ਼ਾਂ ਅਤੇ ਦਬੰਗ ਅਨਸਰਾਂ ਦੀ ਸਰਗਰਮੀ ਨੂੰ ਇਕ ਵਾਰ ਫਿਰ ਬੇਨਕਾਬ ਕਰ ਦਿੱਤਾ ਹੈ | ਤਫ਼ਤੀਸ਼ੀ ਅਫ਼ਸਰ ਜਸਵਿੰਦਰ ਸਿੰਘ ਸਹਾਇਕ ਥਾਣੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨ ਨਾਲ ਸੰਬੰਧਿਤ ਝਗੜਾ ਹੈ ਤੇ ਮੁੱਦਈ ਸੰਤਸਰਨ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਬਰਕੰਦੀ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਨੇਹੀਂਆਂ ਵਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਜਗਸੀਰ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਇਕੱਤਰ ਸਿੰਘ ਅਤੇ 2-3 ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 148 ਤਹਿਤ ਬੀ.ਐਨ.ਐਸ. ਦੀਆਂ ਧਾਰਾਵਾਂ 329 (3), 305, 62, 351 (2), 324 (4), 190 ਅਤੇ 191 (3) ਅਧੀਨ ਕੇਸ ਦਰਜ ਕੀਤਾ ਗਿਆ ਹੈ | ਉਧਰ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ 22 ਮਈ 2026 ਨੂੰ ਮੁਲਜ਼ਮ ਟਰੈਕਟਰ ਲੈ ਕੇ ਉਸ ਦੀ ਜ਼ਮੀਨ ਵਿਚ ਦਾਖ਼ਲ ਹੋਏ ਅਤੇ ਖੜ੍ਹੀ ਮੱਕੀ ਦੀ ਫ਼ਸਲ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਵਿਰੋਧ ਕਰਨ 'ਤੇ ਉਸ ਨਾਲ ਗਾਲੀ-ਗਲੋਚ, ਧੱਕੇਸ਼ਾਹੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇਲਾਵਾ ਇਸ ਦੇ ਦੋਸ਼ੀਆਂ ਵਲੋਂ ਦੋ ਗੱਟੇ ਡੀ. ਏ. ਪੀ. ਅਤੇ ਦੋ ਗੱਟੇ ਯੂਰੀਆ ਖਾਦ ਵੀ ਟਰੈਕਟਰ ਦੇ ਕਲਟੀਵੇਟਰ 'ਤੇ ਰੱਖ ਕੇ ਕਥਿਤ ਤੌਰ 'ਤੇ ਚੋਰੀ ਕਰਕੇ ਲੈ ਜਾਏ ਗਏ | ਇਸ ਵਾਕਏ ਨੇ ਪੇਂਡੂ ਇਲਾਕਿਆਂ 'ਚ ਕਾਨੂੰਨੀ ਪ੍ਰਬੰਧਾਂ ਦੀ ਕਮਜ਼ੋਰੀ ਅਤੇ ਜ਼ਮੀਨੀ ਵਿਵਾਦਾਂ ਦੀ ਵਧਦੀ ਗੰਭੀਰਤਾ 'ਤੇ ਤਿੱਖੇ ਸਵਾਲ ਖੜੇੇ ਕਰ ਦਿੱਤੇ ਹਨ | ਪੁਲਿਸ ਮੁਤਾਬਿਕ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |