ਚਾਉਕੇ, 30 ਮਈ (ਮਨਜੀਤ ਸਿੰਘ ਘੜੈਲੀ)-ਸਰਕਾਰੀ ਹਾਈ ਸਕੂਲ ਕਰਾੜਵਾਲਾ ਵਿਖੇ ਵਿਦਿਆਰਥੀਆਂ ਦੇ ਮਨਾਂ ਵਿਚੋਂ ਗਣਿਤ ਵਿਸ਼ੇ ਦਾ ਡਰ ਕੱਢਣ ਲਈ ਇਕ ਰੋਜ਼ਾ 'ਵੈਦਿਕ ਮੈਥ ਵਰਕਸ਼ਾਪ' ਕਰਵਾਈ | ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਚਮਕੌਰ ਸਿੰਘ ਸਿੱਧੂ ਦੇ ਮਾਰਗਦਰਸ਼ਨ ਹੇਠ ਇਹ ਵਰਕਸ਼ਾਪ ਸਕੂਲ ਇੰਚਾਰਜ ਗਗਨਦੀਪ ਸਿੰਘ ਦੀ ਅਗਵਾਈ ਵਿਚ ਨੇਪਰੇ ਚੜ੍ਹੀ | ਇਸ ਮੁਫ਼ਤ ਵਰਕਸ਼ਾਪ ਦੌਰਾਨ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਵੈਦਿਕ ਮੈਥ ਟਰੇਨਰ ਅਤੇ ਸਟੇਟ ਐਵਾਰਡੀ ਅਪੇਕਸ਼ਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਵੈਦਿਕ ਗਣਿਤ ਦੇ ਗੁਰ ਸਿਖਾਉਂਦਿਆਂ ਦੱਸਿਆ ਕਿ ਵਿਸ਼ੇਸ਼ ਸੂਤਰਾਂ (ਫਾਰਮੂਲਿਆਂ) ਦੀ ਮੱਦਦ ਨਾਲ ਵੱਡੀ ਤੋਂ ਵੱਡੀ ਗੁਣਾ, ਭਾਗ, ਵਰਗਮੂਲ ਅਤੇ ਘਣਮੂਲ ਵਰਗੇ ਗੁੰਝਲਦਾਰ ਸਵਾਲ ਸਕਿੰਟਾਂ 'ਚ ਹੱਲ ਕੀਤੇ ਜਾ ਸਕਦੇ ਹਨ | ਇਸ ਮੌਕੇ ਕੰਪਿਊਟਰ ਅਧਿਆਪਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਹਿਜ਼ 17 ਸਾਲ ਦੀ ਉਮਰ 'ਚ ਅਪੇਕਸ਼ਾ ਨੇ ਵੈਦਿਕ ਮੈਥ 'ਤੇ ਮਜ਼ਬੂਤ ਪਕੜ ਬਣਾਈ ਹੈ ਅਤੇ ਕਈ 'ਵਿਸ਼ਵ ਰਿਕਾਰਡ' ਤੇ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਆਪਣੇ ਨਾਮ ਕੀਤੇ ਹਨ | ਸਮਾਗਮ ਦੇ ਅਖੀਰ 'ਚ ਸਕੂਲ ਪ੍ਰਬੰਧਕਾਂ ਵਲੋਂ ਅਪੇਕਸ਼ਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਧਿਆਪਕਾ ਗੁਰਮੀਤ ਕੌਰ, ਅਮਨਦੀਪ ਕੌਰ, ਨਰਿੰਦਰ ਕੁਮਾਰ, ਗੁਰਸਾਹਿਬ ਸਿੰਘ, ਰਣਜੀਤਾ, ਅਮਿ੍ਤਪਾਲ ਕੌਰ, ਮਨਦੀਪ ਕੌਰ, ਸਵਿਤਾ, ਸਰਬਜੀਤ ਕੌਰ ਅਤੇ ਗੁਰਵੀਰ ਸਿੰਘ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |