ਰਾਮਾਂ ਮੰਡੀ, 30 ਮਈ (ਤਰਸੇਮ ਸਿੰਗਲਾ)-ਨਗਰ ਕੌਂਸਲ ਚੋਣਾਂ ਦੌਰਾਨ ਹਲਕਾ ਵਿਧਾਇਕਾ ਅਤੇ ਕੈਬਨਿਟ ਰੈਂਕ ਮੰਤਰੀ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਕੀਤਾ ਗਿਆ ਇਕ ਅਹਿਮ ਐਲਾਨ ਹੁਣ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ | ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਿਸ ਵਾਰਡ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕਰੇਗਾ, ਉਸ ਵਾਰਡ ਦੇ ਵਿਕਾਸ ਲਈ ਉਹ ਆਪਣੇ ਵਲੋਂ ਇਕ ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣਗੇ | ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਰੂ ਬਾਂਸਲ ਨੇ 363 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ, ਜੋ ਕਿ ਰਾਮਾਂ ਮੰਡੀ ਦੇ ਸਾਰੇ ਵਾਰਡਾਂ ਵਿਚ ਸਭ ਤੋਂ ਵੱਧ ਜਿੱਤ ਦਾ ਅੰਤਰ ਰਿਹਾ | ਇਸ ਜਿੱਤ ਨਾਲ ਵਾਰਡ ਨੰਬਰ 09 ਨੂੰ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਐਲਾਨੇ ਗਏ ਇਕ ਕਰੋੜ ਰੁਪਏ ਦੇ ਇਨਾਮ ਦਾ ਹੱਕਦਾਰ ਮੰਨਿਆ ਜਾ ਰਿਹਾ ਹੈ | ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿਤਾ ਕੇ ਆਪਣਾ ਫ਼ਰਜ਼ ਨਿਭਾਇਆ ਹੈ | ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਵੀ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਵਾਰਡ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨਗੇ |