ਬਠਿੰਡਾ 'ਚ 'ਆਪ' ਸਿਰਫ਼ ਇਕ ਉੱਪ-ਚੋਣ ਜਿੱਤਣ ਨਾਲ ਵੱਡੇ ਬਹੁਮਤ 'ਤੇ ਅੱਪੜੀ
ਅਜੀਤ ਡੈਸਕ
01-06-2026
43 ਸੀਟਾਂ ਜਿੱਤਣ ਵਾਲੀ ਕਾਂਗਰਸ ਸਿਰਫ਼ 5 ਸੀਟਾਂ 'ਤੇ ਸਿਮਟੀ
ਨਿਗਮ ਦੀਆਂ ਪਿਛਲੀਆਂ ਚੋਣਾਂ 'ਚ ਕਾਂਗਰਸ ਨੇ 50 ਵਾਰਡਾਂ 'ਚੋਂ 43 'ਤੇ ਵੱਡੀ ਜਿੱਤ ਹਾਸਲ ਕਰਕੇ ਆਪਣਾ ਮੇਅਰ ਬਣਾਇਆ ਸੀ ਪਰ ਆਪਸੀ ਕਾਟੋ-ਕਲੇਸ਼ ਕਾਂਗਰਸ ਨੂੰ ਲੈ ਡੁੱਬਿਆ, ਜਿਸ ਬਾਅਦ ਜਿੱਥੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ ਕਰਕੇ ਆਪਣੀ ਮੇਅਰ ਨੂੰ ਕੁਰਸੀ ਤੋਂ ਲਾਹਿਆ ਸੀ, ਉਸ ਬਾਅਦ ਕਾਂਗਰਸ ਖਿੰਡਦੀ ਹੀ ਗਈ ਤੇ ਆਪਣੇ ਕੌਂਸਲਰਾਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਮੁੜ ਮੇਅਰ ਦੀ ਕੁਰਸੀ ਨਹੀਂ ਮੱਲ ਸਕੀ, ਜਿਸ ਦੇ ਨਤੀਜੇ ਵਜੋਂ ਅੱਜ ਕਾਂਗਰਸ ਸਿਰਫ਼ 5 ਸੀਟਾਂ 'ਤੇ ਸਿਮਟ ਰਹਿ ਗਈ ਹੈ ਤੇ ਉਹ ਵਿਰੋਧੀ ਧਿਰ 'ਚ ਬੈਠਣ ਦਾ ਵੀ ਹੱਕ ਗੁਆ ਚੁੱਕੀ ਹੈ |
ਵਿਰੋਧੀ ਧਿਰ 'ਚ ਬੈਠਣਗੇ 'ਆਜ਼ਾਦ' ਉਮੀਦਵਾਰ
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਵੱਧ 6 ਆਜ਼ਾਦ ਉਮੀਦਵਾਰ ਜਿੱਤੇ ਹਨ, ਜੋ ਹੁਣ ਵਿਰੋਧੀ ਧਿਰ ਵਜੋਂ ਨਿਗਮ 'ਚ ਬੈਠਣਗੇ | ਜਦਕਿ ਉਕਤ ਤਿੰਨੋਂ ਵੱਡੀਆਂ 'ਤੇ ਰਿਵਾਇਤੀ ਸਿਆਸੀ ਧਿਰਾਂ ਆਜ਼ਾਦ ਉਮੀਦਵਾਰਾਂ ਤੋਂ ਹੇਠਾਂ ਖਿਸਕ ਗਈਆਂ ਹਨ |
ਜੇਤੂ ਹੋਣ ਦੇ ਬਾਵਜੂਦ ਆਜ਼ਾਦ ਅਤੇ ਕਾਂਗਰਸੀ ਉਮੀਦਵਾਰ ਦਾ ਨਤੀਜਾ ਰੋਕਿਆ
ਇਸ ਚੋਣ 'ਚ ਆਜ਼ਾਦ ਉਮੀਦਵਾਰ ਵਜੋਂ ਨਰਪਿੰਦਰ ਸਿੰਘ ਜਲਾਲ ਨੇ ਵਾਰਡ ਨੰਬਰ 20 ਤੋਂ ਸਭ ਤੋਂ ਪਹਿਲਾਂ ਕਰੀਬ 11 ਕੁ ਵਜੇ ਜਿੱਤ ਹਾਸਲ ਕਰ ਲਈ ਸੀ ਤੇ ਇਸੇ ਤਰ੍ਹਾਂ ਵਾਰਡ ਨੰਬਰ 34 ਦੇ ਕਾਂਗਰਸੀ ਉਮੀਦਵਾਰ ਸੰਦੀਪ ਬੌਬੀ ਨੇ 1445 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਲਈ ਸੀ, ਪਰ ਦੋਵਾਂ ਨੂੰ ਜੇਤੂ ਹੋਣ ਦੇ ਬਾਵਜੂਦ ਉਨ੍ਹਾਂ ਦਾ ਕਈ ਘੰਟੇ ਨਤੀਜਾ ਰੋਕ ਕੇ ਰੱਖਿਆ ਗਿਆ ਤੇ ਉਨਾਂ ਵਲੋਂ ਰੌਲਾ ਪੈਣ ਦੇ ਕਈ ਘੰਟਿਆਂ ਬਾਅਦ ਉਨ੍ਹਾਂ ਨੂੰ ਜੇਤੂ ਸਰਟੀਫਿਕੇਟ ਜਾਰੀ ਕੀਤੇ ਗਏ |
ਸਭ ਤੋਂ ਵੱਧ 2392 ਵੋਟਾਂ ਨਾਲ ਜਿੱਤਿਆ ਸਾਬਕਾ ਸੀਨੀਅਰ ਉੱਪ- ਮੇਅਰ
ਕਾਂਗਰਸ ਨੂੰ ਅਲਵਿਦਾ ਕਹਿਕੇ ਆਪ ਦਾ ਪੱਲਾ ਫੜਨ ਬਾਅਦ ਸੀਨੀਅਰ ਡਿਪਟੀ ਮੇਅਰ ਬਣੇ ਸ਼ਾਮ ਲਾਲ ਜੈਨ ਨੇ 'ਆਪ' ਉਮੀਦਵਾਰ ਵਜੋਂ ਵਾਰਡ ਨੰਬਰ 22 ਤੋਂ ਸਭ ਤੋਂ ਵੱਧ 2392 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੜ ਵੱਡਾ ਅਹੁਦਾ ਮਿਲਣ ਦੀ ਸੰਭਾਵਨਾ ਹੈ |
ਵੱਡੇ ਚਿਹਰੇ ਹਾਰੇ
ਇਸ ਚੋਣ 'ਚ ਕਈ ਵੱਡੇ ਚਿਹਰਿਆਂ ਨੂੰ ਹਾਰ ਝੱਲਣੀ ਪਈ ਹੈ, ਜਿਨ੍ਹਾਂ 'ਚ ਸਾਬਕਾ ਮੇਅਰ ਦੇ ਖ਼ਾਸਮਖ਼ਾਸ ਟਹਿਲ ਸਿੰਘ ਬੁੱਟਰ ਜਿੱਥੇ ਖ਼ੁਦ ਚੋਣ ਹਾਰੇ ਹਨ, ਉੱਥੇ ਸਾਬਕਾ ਕਾਂਗਰਸੀ ਕੌਂਸਲਰ ਮਲਕੀਤ ਗਿੱਲ ਵਲੋਂ ਆਪਣੀ ਧਰਮ-ਪਤਨੀ ਅਤੇ ਭਰਜਾਈ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਤੇ ਉਹ ਦੋਵੇਂ ਸੀਟਾਂ ਹਾਰ ਗਏ ਹਨ | ਇਸੇ ਤਰ੍ਹਾਂ ਕਾਂਗਰਸ ਤੋਂ 'ਆਪ' ਅਤੇ ਫੇਰ ਭਾਜਪਾ 'ਚ ਗਏ ਦੋ ਵਾਰ ਦੇ ਜੇਤੂ ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸਾ ਨੇ ਆਪਣੀ ਧਰਮ-ਪਤਨੀ ਨੂੰ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਸੀ, ਜੋ ਸਫਲ ਨਹੀਂ ਹੋ ਸਕੇ | ਇਸੇ ਤਰ੍ਹਾਂ ਸਾਬਕਾ ਕੌਂਸਲਰ ਵਿਜੇ ਕੁਮਾਰ ਅਤੇ ਰਾਜਿੰਦਰ ਸਿੰਘ ਸਿੱਧੂ ਵੀ ਇਸ ਚੋਣ ਵਿਚ ਜਿੱਤ ਹਾਸਲ ਨਹੀਂ ਕਰ ਸਕੇ | ਕਾਂਗਰਸ ਦੇ ਸੀਨੀਅਰ ਆਗੂ ਪਵਨ ਮਾਨੀ ਦੀ ਪਤਨੀ ਪ੍ਰਵੀਨ ਗਰਗ ਸਾਬਕਾ ਕੌਂਸਲਰ ਵੀ ਇਸ ਵਾਰ ਜਿੱਤ ਦੀ ਪੌੜੀ ਨਹੀਂ ਚੜ੍ਹ ਸਕੇ |