ਗੋਨਿਆਣਾ, 31 ਮਈ (ਲਛਮਣ ਦਾਸ ਗਰਗ)- ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸ਼ਾਂਤੀਪੂਰਨ ਮਾਹੌਲ ਵਿੱਚ ਕਰਵਾਈਆਂ ਗਈਆਂ ਸਨ | ਇਸੇ ਤਹਿਤ ਗੋਨਿਆਣਾ ਮੰਡੀ ਨਗਰ ਕੌਂਸਲ ਦੇ ਕੁਲ 13 ਵਾਰਡਾਂ ਵਿਚੋਂ 12 ਵਾਰਡਾਂ ਵਿਚ ਵੋਟਿੰਗ ਹੋਈ ਸੀ, ਜਦਕਿ ਵਾਰਡ ਨੰਬਰ 4 ਤੋਂ ਉਮੀਦਵਾਰ ਸੰਦੀਪ ਕੁਮਾਰ ਬਿੰਟਾਂ ਪਹਿਲਾਂ ਹੀ ਨਿਰਵਿਰੋਧ ਜੇਤੂ ਐਲਾਨੇ ਜਾ ਚੁੱਕੇ ਸਨ | ਅੱਜ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਸੰਪੰਨ ਹੋਈ |ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਐਲਾਨੇ ਗਏ ਨਤੀਜਿਆਂ ਵਿੱਚ 7 ਆਜ਼ਾਦ ਉਮੀਦਵਾਰ, ਜਦਕਿ ਆਪ ਦੇ 5 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ | ਨਵ ਨਿਯੁਕਤ ਕੌਂਸਲਰਾਂ ਨੇ ਸ਼੍ਰੀ ਬਾਲਾ ਜੀ ਦਾ ਅਸ਼ੀਰਵਾਦ ਵੀ ਲਿਆ | ਕਈ ਥਾਵਾਂ 'ਤੇ ਸਮਰਥਕਾਂ ਵੱਲੋਂ ਮਿਠਾਈਆਂ ਵੰਡ ਕੇ ਅਤੇ ਢੋਲ-ਨਗਾੜਿਆਂ ਨਾਲ ਜਿੱਤ ਦਾ ਜਸ਼ਨ ਮਨਾਇਆ ਗਿਆ | ਜੇਤੂ ਉਮੀਦਵਾਰਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ | ਵੋਟਾਂ ਦੀ ਗਿਣਤੀ ਤੋਂ ਬਾਅਦ ਗੋਨਿਆਣਾ ਮੰਡੀ ਦੇ ਨਾਇਬ ਤਹਿਸੀਲਦਾਰ ਭਾਸਿਮ ਪਾਂਡੇ ਵਲੋਂ ਸਾਰੇ ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਦਿੱਤੇ | ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਰੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਿਹਾ | ਥਾਣਾ ਨੇਹੀਆਂ ਵਾਲਾ ਦੇ ਐਸ ਐਚ ਓ ਅਮਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਮੌਜੂਦ ਰਹੇ | ਪੁਲਿਸ ਵੱਲੋਂ ਗਿਣਤੀ ਕੇਂਦਰ ਅਤੇ ਇਲਾਕੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ਾਂਤੀਪੂਰਨ, ਨਿਰਪੱਖ ਹੋ ਸਕੇ | ਸ਼ਹਿਰ ਵਿਚ ਚੋਣ ਨਤੀਜਿਆਂ ਨੂੰ ਲੈ ਕੇ ਸਾਰਾ ਦਿਨ ਚਰਚਾ ਦਾ ਮਾਹੌਲ ਰਿਹਾ | ਰਾਜਨੀਤਿਕ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਚੋਣ ਵਿਚ ਆਜ਼ਾਦ ਉਮੀਦਵਾਰਾਂ ਨੇ 7 ਅਤੇ ਆਮ ਆਦਮੀ ਪਾਰਟੀ ਨੇ 5 ਸੀਟਾਂ 'ਤੇ ਜਿੱਤ ਦਰਜ ਕਰਵਾਈ ਹੈ |