ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸੂਬਾ ਮੀਤ ਪ੍ਰਧਾਨ ਸਰਬਜੀਤ ਸਿੰਘ ਡੂੰਮਵਾਲੀ, ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਤੇ ਸੁਖਮਨਦੀਪ ਸਿੰਘ ਡਿੰਪੀ ਦੀ ਅਗਵਾਈ ਵਿਚ ਪੰਜਾਬ ਅਤੇ ਸਿੱਖ ਪੰਥ ਨਾਲ ਸੰਬੰਧਿਤ ਅਹਿਮ ਮੁੱਦਿਆਂ ਸਬੰਧੀ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੈਮੋਰੰਡਮ ਸੌਂਪਿਆ ਗਿਆ, ਜਿਸ ਰਾਹੀਂ ਪਾਰਟੀ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ 'ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026' ਵਿਚ ਸੋਧ ਦੀ ਮੰਗ ਕਰਦਿਆਂ ਕਿਹਾ ਕਿ ਇਹ ਕਾਨੂੰਨ ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਿਨ੍ਹਾਂ ਲਿਆਂਦਾ ਗਿਆ ਹੈ, ਜਿਸ ਕਾਰਨ ਸਰਕਾਰ ਅਤੇ ਸਿੱਖ ਸੰਸਥਾਵਾਂ ਵਿਚ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ¢ ਇਸ ਕਰਕੇ ਸਰਕਾਰ ਨੂੰ ਸਿੱਖ ਸੰਸਥਾਵਾਂ ਦੇ ਧਾਰਮਿਕ ਖੇਤਰ 'ਚ ਦਖ਼ਲ ਦੇਣ ਤੋਂ ਰੋਕਿਆ ਜਾਵੇ | ਅਕਾਲੀ ਦਲ ਨੇ ਜੂਨ 1984 ਦੇ ਸਾਕੇ ਦੀ ਨਿਰਪੱਖ ਜਾਂਚ ਕਰਵਾਉਣ, ਉਸ ਸਾਕੇ ਲਈ ਸੰਸਦ ਵਿਚ ਮੁਆਫ਼ੀ ਮੰਗਣ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾ ਕੇ ਉਸ ਤੋਂ 'ਭਾਰਤ ਰਤਨ' ਵਾਪਸ ਲੈਣ ਦੀ ਮੰਗ ਵੀ ਕੀਤੀ¢ ਮੈਮੋਰੰਡਮ ਵਿਚ 2015 ਦੀਆਂ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਦਿਵਾਉਣ ਦੀ ਵੀ ਮੰਗ ਸ਼ਾਮਲ ਹੈ¢ ਪਾਰਟੀ ਨੇ 2011 ਤੋਂ ਬਾਅਦ ਨਾ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਤੁਰੰਤ ਕਰਵਾਉਣ, ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਪਾਲਣਾ ਯਕੀਨੀ ਬਣਾਉਣ, ਕਿਸਾਨੀ ਮਸਲੇ ਹੱਲ ਕਰਨ, ਮਜ਼ਦੂਰਾਂ ਵਰਗ ਦੀ ਭਲਾਈ ਲਈ ਕਦਮ ਚੁੱਕਣ, ਪੰਜਾਬ ਦੇ ਉਦਯੋਗਾਂ ਲਈ ਰਾਹਤ ਪੈਕੇਜ ਅਤੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਪੂਰੀ ਤਰ੍ਹਾਂ ਖੋਲ੍ਹਣ ਦੀ ਵੀ ਮੰਗ ਕੀਤੀ ਗਈ¢ ਇਸ ਮੌਕੇ ਭੁਪਿੰਦਰ ਸਿੰਘ, ਬਾਬੂ ਸਿੰਘ ਰੋਮਾਣਾ, ਜਸਵੰਤ ਸਿੰਘ, ਬਲਤੇਜ ਸਿੰਘ ਟਿਵਾਣਾ, ਰਣਜੀਤ ਸਿੰਘ ਲਹਿਰਾ, ਜਸਵਿੰਦਰ ਸਿੰਘ, ਤੇਜਾ ਸਿੰਘ ਆਕਲੀਆ, ਸੁਰਜੀਤ ਸਿੰਘ ਬੋਪਾਰਾਏ, ਚਰਨਜੀਤ ਸਿੰਘ ਖਿਆਲੀਵਾਲਾ, ਰਾਜਵਿੰਦਰ ਰਾਣਾ, ਬਿੱਕਰ ਸਿੰਘ ਧਿੰਗੜ, ਦੀਵਾਨ ਸਿੰਘ ਡਿੱਖ, ਭੁਪਿੰਦਰ ਸਿੰਘ ਸੇਮਾ, ਮਾਨ ਸਿੰਘ ਰਠੌੜ, ਗੁਰਮੀਤ ਸਿੰਘ ਰਠੌੜ, ਕੁਲਵੀਰ ਸਿੰਘ ਬਰਾੜ, ਰਣਜੀਤ ਸਿੰਘ ਪਥਰਾਲਾ, ਭੁਪਿੰਦਰ ਸਿੰਘ ਗਹਿਰੀ ਸਮੇਤ ਹੋਰ ਆਗੂ ਮੌਜੂਦ ਸਨ |