ਸੰਗਤ ਮੰਡੀ, 14 ਜੂਨ (ਅੰਮਿ੍ਤਪਾਲ ਸ਼ਰਮਾ)- 'ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਹਲਕਾ ਬਠਿੰਡਾ ਦਿਹਾਤੀ ਵਿਚ ਮੋਟਰਸਾਈਕਲਾਂ 'ਤੇ 'ਮਾਲਵਾ ਫ਼ਤਹਿ ਮਾਰਚ' ਕੱਢਿਆ ਗਿਆ | ਇਹ ਮਾਰਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਤਰਸੇਮ ਸਿੰਘ ਖ਼ਾਲਸਾ ਅਤੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਕੋਟਸ਼ਮੀਰ ਤੋਂ ਸ਼ੁਰੂ ਹੋ ਕੇ ਜੱਸੀ ਪੌ ਵਾਲੀ, ਜੋਧਪੁਰ ਰੋਮਾਣਾ, ਗਹਿਰੀ ਬੁੱਟਰ, ਜੈ ਸਿੰਘ ਵਾਲਾ, ਫੁੱਲੋ ਮਿੱਠੀ, ਸੰਗਤ ਮੰਡੀ, ਕੋਟਗੁਰੂ, ਨੰਦਗੜ੍ਹ, ਘੁੱਦਾ, ਬਾਜਕ, ਝੁੰਬਾ, ਬੱਲੂਆਣਾ ਹੁੰਦਾ ਹੋਇਆ ਪਿੰਡ ਬਹਿਮਣ ਦੀਵਾਨਾ ਵਿਖੇ ਸਮਾਪਤ ਹੋਇਆ | ਇਸ ਮਾਰਚ ਦੌਰਾਨ ਜਥੇਬੰਦੀ ਵਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਨੌਜਵਾਨਾ ਨੂੰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਅਤੇ ਦੀਪ ਸਿੱਧੂ ਦੀ ਸੋਚ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ | ਮਾਰਚ 'ਚ ਸ਼ਾਮਿਲ ਲੋਕਾਂ ਨੇ ਪੰਜਾਬ ਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਸੂਬੇ ਦੀ ਬਿਹਤਰੀ ਲਈ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਇੰਚਾਰਜ ਹਰਮੰਦਰ ਸਿੰਘ ਗੁਲਾਬਗੜ੍ਹ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਸਿੰਘ, ਡਾ. ਪਰਗਟ ਸਿੰਘ ਵਿਰਕ, ਸਤਵਿੰਦਰ ਸਿੰਘ, ਮੇਜਰ ਸਿੰਘ ਜੱਸੀ ਬਲਾਕ ਪ੍ਰਧਾਨ, ਸੁਖਜਿੰਦਰ ਸਿੰਘ ਜੱਸੀ, ਅਵਤਾਰ ਸਿੰਘ, ਗੁਰਜਿੰਦਰ ਸਿੰਘ ਸਿੱਧੂ ਅਤੇ ਕੁਲਦੀਪ ਸਿੰਘ ਘੁੱਦਾ ਸਮੇਤ ਕਈ ਹੋਰ ਆਗੂ ਅਤੇ ਵਰਕਰ ਮੌਜੂਦ ਸਨ | ਮਾਰਚ ਦੌਰਾਨ ਪਿੰਡਾਂ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ | ਆਗੂਆਂ ਨੇ ਲੋਕਾਂ ਨੂੰ ਪੰਜਾਬ ਦੇ ਹੱਕਾਂ ਪ੍ਰਤੀ ਜਾਗਰੂਕ ਰਹਿਣ ਅਤੇ ਏਕਤਾ ਨਾਲ ਚੱਲਣ ਦਾ ਸੱਦਾ ਦਿੱਤਾ |